ਜਗਤਾਰ ਸਿੰਘ ਜਿੰਮੀ, ਧਰਮਿੰਦਰ ਗੁਗਨੀ ਤੇ ਹਰਮਿੰਦਰ ਮਿੰਟੂ ਨੂੰ ਭੇਜਿਆ ਜੇਲ

11/18/2017 7:27:12 AM

ਸ਼ਾਰਪ ਸ਼ੂਟਰ ਹਰਦੀਪ ਸ਼ੇਰਾ ਦੇ ਰਿਮਾਂਡ 'ਚ ਇਕ ਦਿਨ ਦਾ ਵਾਧਾ
ਮੋਗਾ(ਪਵਨ ਗਰੋਵਰ, ਆਜ਼ਾਦ, ਗੋਪੀ ਰਾਉਕੇ)-ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਦੇ ਮਾਮਲੇ 'ਚ ਪੁਲਸ ਵੱਲੋਂ ਬੀਤੇ ਦਿਨ ਗ੍ਰਿਫਤਾਰ ਕੀਤੇ ਗਏ ਤੇ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗੈਂਗਸਟਰਾਂ ਧਰਮਿੰਦਰ ਗੁਗਨੀ, ਸ਼ਾਰਪ ਸ਼ੂਟਰ ਹਰਦੀਪ ਸਿੰਘ ਸ਼ੇਰਾ, ਪ੍ਰਵਾਸੀ ਭਾਰਤੀ ਜਗਤਾਰ ਸਿੰਘ ਜਿੰਮੀ ਜੌਹਲ ਅਤੇ ਕੇ. ਐੱਲ. ਐੱਫ. ਨਾਲ ਸਬੰਧਿਤ ਹਰਮਿੰਦਰ ਸਿੰਘ ਮਿੰਟੂ ਨੂੰ ਅੱਜ ਬਾਘਾਪੁਰਾਣਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਪੁਲਸ ਨੇ ਸ਼ੇਰਾ ਦੇ ਰਿਮਾਂਡ 'ਚ ਇਕ ਦਿਨ ਦਾ ਵਾਧਾ ਕੀਤਾ, ਜਦਕਿ ਹਰਮਿੰਦਰ ਸਿੰਘ ਮਿੰਟੂ, ਧਰਮਿੰਦਰ ਗੁਗਨੀ ਅਤੇ ਜਗਤਾਰ ਸਿੰਘ ਜਿੰਮੀ ਜੌਹਲ ਨੂੰ ਜੇਲ ਭੇਜ ਦਿੱਤਾ ਗਿਆ। ਪੁਲਸ ਵੱਲੋਂ ਤਿੰਨਾਂ ਦੋਸ਼ੀਆਂ ਦਾ ਮੈਡੀਕਲ ਕਰਵਾਉਣ ਉਪਰੰਤ ਉਨ੍ਹਾਂ ਨੂੰ ਨਾਭਾ ਜੇਲ 'ਚ ਭੇਜਿਆ ਗਿਆ ਹੈ। ਚਾਰਾਂ ਦੋਸ਼ੀਆਂ ਦੀ ਪੇਸ਼ੀ ਨੂੰ ਮੁੱਖ ਰੱਖਦੇ ਹੋਏ ਪੁਲਸ ਵੱਲੋਂ ਬਾਘਾਪੁਰਾਣਾ ਨੂੰ ਪੁਲਸ ਛਾਉਣੀ 'ਚ ਤਬਦੀਲ ਕੀਤਾ ਹੋਇਆ ਸੀ।
ਬ੍ਰਿਟਿਸ਼ ਕੌਂਸਲ ਦੇ ਅਧਿਕਾਰੀ ਪੁੱਜੇ ਬਾਘਾਪੁਰਾਣਾ
ਪੁਲਸ ਵੱਲੋਂ ਫੰਡਿੰਗ ਦੇ ਦੋਸ਼ਾਂ ਤਹਿਤ ਫੜੇ ਗਏ ਇੰਗਲੈਂਡ ਸਿਟੀਜ਼ਨ ਜਗਤਾਰ ਸਿੰਘ ਜੌਹਲ ਦੇ ਪਾਸਪੋਰਟ ਦੀ ਵੈਰੀਫਿਕੇਸ਼ਨ ਸਬੰਧੀ ਬ੍ਰਿਟਿਸ਼ ਕੌਂਸਲ ਦੀ ਇਕ ਮਹਿਲਾ ਅਧਿਕਾਰੀ ਇਕ ਹੋਰ ਸਾਥੀ ਸਮੇਤ ਬਾਘਾਪੁਰਾਣਾ ਅਦਾਲਤ 'ਚ ਪੁੱਜੀ, ਜਿਥੇ ਉਨ੍ਹਾਂ ਜਗਤਾਰ ਸਿੰਘ ਜੌਹਲ ਦੇ ਪਾਸਪੋਰਟ ਦੇ ਅਸਲੀ ਹੋਣ ਦੀ ਪੁਸ਼ਟੀ ਕੀਤੀ। ਬ੍ਰਿਟਿਸ਼ ਕੌਂਸਲ ਦੇ ਅਧਿਕਾਰੀਆਂ ਨੇ ਲਗਭਗ 6 ਘੰਟੇ ਦਾ ਸਮਾਂ ਬਾਘਾਪੁਰਾਣਾ 'ਚ ਬਤੀਤ ਕੀਤਾ ਅਤੇ ਅਦਾਲਤੀ ਪ੍ਰਕਿਰਿਆ ਦੌਰਾਨ ਹਾਜ਼ਰ ਰਹੇ। ਇਥੇ ਇਹ ਵੀ ਦੱਸਣਯੋਗ ਹੈ ਕਿ ਜਿੰਮੀ ਦਾ ਪਾਸਪੋਰਟ 10 ਨਵੰਬਰ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਬ੍ਰਿਟਿਸ਼ ਕੌਂਸਲ ਦੇ ਕੋਲ ਜਮ੍ਹਾ ਕਰਵਾ ਦਿੱਤਾ ਗਿਆ ਸੀ। ਇਸ ਮੌਕੇ ਬ੍ਰਿਟਿਸ਼ ਕੌਂਸਲ ਦੇ ਅਧਿਕਾਰੀਆਂ ਨੇ ਮੀਡੀਆ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਸ ਸਾਰੇ ਮਾਮਲੇ ਨੂੰ ਉਨ੍ਹਾਂ ਦਾ ਵਕੀਲ ਦੇਖ ਰਿਹਾ ਹੈ।
ਜਿੰਮੀ ਦੇ ਵਕੀਲਾਂ ਨੇ ਪੁਲਸ 'ਤੇ ਲਾਏ ਅਣਮਨੁੱਖੀ ਤਸ਼ੱਦਦ ਕਰਨ ਦੇ ਦੋਸ਼
ਬਾਘਾਪੁਰਾਣਾ ਅਦਾਲਤ 'ਚ ਅੱਜ ਇੰਗਲੈਂਡ ਸਿਟੀਜ਼ਨ ਜਗਤਾਰ ਸਿੰਘ ਜਿੰਮੀ ਦੇ ਬਚਾਅ ਪੱਖ 'ਚ ਪੇਸ਼ ਹੋਏ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਐਡਵੋਕੇਟ ਜਗਪ੍ਰੀਤ ਸਿੰਘ ਚੱਢਾ ਨੇ ਅਦਾਲਤ 'ਚ ਅਰਜ਼ੀ ਦੇ ਕੇ ਜਿੰਮੀ 'ਤੇ ਪੁਲਸ ਵੱਲੋਂ ਥਰਡ ਡਿਗਰੀ ਤਸ਼ੱਦਦ ਕਰਨ ਦੇ ਦੋਸ਼ ਲਾਏ। ਐਡਵੋਕੇਟ ਜਗਪ੍ਰੀਤ ਸਿੰਘ ਚੱਢਾ ਨੇ ਕਿਹਾ ਕਿ ਜਿੰਮੀ ਨੇ ਪਿਛਲੀ ਪੇਸ਼ੀ ਦੌਰਾਨ ਇਹ ਦੱਸਿਆ ਸੀ ਕਿ ਪੁਲਸ ਵੱਲੋਂ ਉਸ ਦੇ ਸਰੀਰ ਦੇ ਗੁਪਤ ਅੰਗਾਂ ਅਤੇ ਸਰੀਰ ਦੇ ਕਈ ਹਿੱਸਿਆਂ 'ਤੇ ਕਰੰਟ ਲਾਇਆ ਗਿਆ ਹੈ।