ਆਰ. ਐੱਮ. ਪੀ. ਡਾਕਟਰ, ਮੁੱਖ ਸਪਲਾਇਰ ਸਮੇਤ 3 ਕਾਬੂ

11/18/2017 4:58:09 AM

ਜਲੰਧਰ(ਪ੍ਰੀਤ)—ਲੋਹੀਆਂ ਏਰੀਏ 'ਚ ਚੱਲ ਰਹੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਦੇ ਨੈੱਟਵਰਕ ਨੂੰ ਅੱਜ ਜਲੰਧਰ ਦਿਹਾਤ ਦੀ ਪੁਲਸ ਨੇ ਬ੍ਰੇਕ ਕੀਤਾ ਹੈ। ਨਸ਼ੀਲੀਆਂ ਗੋਲੀਆਂ ਦੀ ਸਪਲਾਈ ਦਾ ਕਾਰੋਬਾਰ ਆਰ. ਐੱਮ. ਪੀ. ਡਾਕਟਰ ਦੇ ਜ਼ਰੀਏ ਚੱਲ ਰਿਹਾ ਸੀ। ਪੁਲਸ ਨੇ ਆਰ. ਐੱਮ. ਪੀ. ਡਾਕਟਰ ਸਮੇਤ ਮੁੱਖ ਸਪਲਾਇਰ ਨੂੰ ਗ੍ਰਿਫਤਾਰ ਕਰ ਕੇ ਭਾਰੀ ਗਿਣਤੀ ਵਿਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਜਲੰਧਰ ਦਿਹਾਤ ਪੁਲਸ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਲੋਹੀਆਂ ਦੇ ਐੱਸ. ਐੱਚ. ਓ. ਸੁਰਿੰਦਰ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਵਿਚ ਕੁਝ ਲੋਕ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਨ ਦਾ ਧੰਦਾ ਕਰ ਰਹੇ ਹਨ। ਸੂਚਨਾ ਮਿਲਣ 'ਤੇ ਐੱਸ. ਪੀ. ਇਨਵੈਸਟੀਗੇਸ਼ਨ ਬਲਕਾਰ ਸਿੰਘ, ਡੀ. ਐੱਸ. ਪੀ. ਇਨਵੈਸਟੀਗੇਸ਼ਨ ਸੁਰਿੰਦਰ ਮੋਹਨ ਤੇ ਡੀ. ਐੱਸ. ਪੀ. ਸ਼ਾਹਕੋਟ ਦਿਲਬਾਗ ਸਿੰਘ ਦੀ ਅਗਵਾਈ ਵਿਚ ਪੁਲਸ ਟੀਮਾਂ ਨੇ ਵੱਖ-ਵੱਖ ਥਾਵਾਂ 'ਤੇ ਰੇਡ ਕੀਤੀ। ਏ. ਐੱਸ. ਆਈ. ਮਨਦੀਪ ਸਿੰਘ ਦੀ ਟੀਮ ਨੇ ਆਰ. ਐੱਮ. ਪੀ. ਡਾਕਟਰ ਕੁਲਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਛੰਨਾ ਸੇਰ, ਤਲਵੰਡੀ ਚੌਧਰੀਆਂ, ਕਪੂਰਥਲਾ ਨੂੰ ਕਾਬੂ ਕਰ ਕੇ ਉਸ ਕੋਲੋਂ 3 ਹਜ਼ਾਰ ਐਲਪ੍ਰਾਜੋਲਮ ਅਤੇ 4200 ਗੋਲੀਆਂ ਟਰਮਾਡੋਲ ਬਰਾਮਦ ਕੀਤੀਆਂ। ਦੋਸ਼ੀ ਤੋਂ ਪੁੱਛਗਿੱਛ ਤੋਂ ਬਾਅਦ ਪੁਲਸ ਨੇ ਉਸਦੇ ਕਰਿੰਦੇ ਅਤੇ ਮੁੱਖ ਸਪਲਾਇਰ ਨੂੰ ਕਾਬੂ ਕੀਤਾ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਆਰ. ਐੱਮ. ਪੀ. ਡਾਕਟਰ ਦੇ ਕਰਿੰਦੇ ਸੁਰਜੀਤ ਸਿੰਘ ਪੁੱਤਰ ਸੰਤੋਖ ਸਿੰਘ ਨੂੰ ਤਲਵੰਡੀ ਚੌਧਰੀਆਂ ਤੋਂ ਗ੍ਰਿਫਤਾਰ ਕੀਤਾ ਹੈ। 
ਦੋਸ਼ੀਆਂ ਕੋਲੋਂ ਪੁਲਸ ਨੇ 3 ਹਜ਼ਾਰ ਐਲਪ੍ਰਾਜੋਲਮ ਅਤੇ 3500 ਟਰਮਾਡੋਲ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਵਾਲੇ ਦੋਸ਼ੀ ਪੁਨੀਤ ਕਪਾਹੀ ਪੁੱਤਰ ਸੁਰਿੰਦਰ ਕਪਾਹੀ ਵਾਸੀ ਮਹਾਰਾਜਾ ਗਾਰਡਨ ਨੂੰ ਬਸਤੀ ਪੀਰਦਾਦ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਪੁਨੀਤ ਕਪਾਹੀ ਤੋਂ 22800 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਐੱਸ. ਐੱਸ. ਪੀ. ਨੇ ਕੁਲ 36500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਐੱਸ. ਐੱਸ. ਪੀ. ਨੂੰ ਦੋਸ਼ੀ ਪੁਨੀਤ ਕਪਾਹੀ ਨੇ ਦੱਸਿਆ ਕਿ ਉਹ ਨਸ਼ੀਲੀਆਂ ਗੋਲੀਆਂ ਹਿਮਾਚਲ ਪ੍ਰਦੇਸ਼ ਦੇ ਅੰਬ ਇਲਾਕੇ ਵਿਚ ਸਥਿਤ ਇਕ ਫੈਕਟਰੀ ਤੋਂ ਖਰੀਦ ਕੇ ਲਿਆਇਆ ਸੀ। ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।