ਪੁਲਸ ਹੱਥ ਲੱਗੀ ਸਫਲਤਾ ਰਾਹਗੀਰਾਂ ਨੂੰ ਲੁੱਟਣ ਵਾਲੇ 3 ਕਾਬੂ, 1 ਫਰਾਰ

11/15/2017 5:57:06 AM

ਭਾਮੀਆਂ ਕਲਾਂ(ਜ.ਬ.)-ਰਾਹ ਚਲਦੇ ਰਾਹਗੀਰਾਂ ਪਾਸੋਂ ਮੋਬਾਇਲ ਆਦਿ ਦੀ ਲੁੱਟ-ਖੋਹ ਕਰਨ ਵਾਲੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਥਾਣਾ ਜਮਾਲਪੁਰ ਦੀ ਪੁਲਸ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਿਸ ਤਹਿਤ ਥਾਣਾ ਪੁਲਸ ਨੇ ਕਾਬੂ ਕੀਤੇ ਗਏ ਤਿੰਨ ਲੁਟੇਰਿਆਂ ਪਾਸੋਂ ਦੋ ਚੋਰੀਸ਼ੁਦਾ ਮੋਟਰਸਾਈਕਲ ਤੇ 16 ਦੇ ਕਰੀਬ ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਫੋਨ ਬਰਾਮਦ ਕੀਤੇ ਹਨ, ਜਦਕਿ ਉਕਤ ਲੁਟੇਰਿਆਂ 'ਚੋਂ ਇਕ ਭੱਜਣ 'ਚ ਕਾਮਯਾਬ ਹੋ ਗਿਆ। ਇਸ ਸੰਬੰਧ 'ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਏ. ਡੀ. ਸੀ. ਪੀ.-4 ਰਾਜਵੀਰ ਸਿੰਘ, ਏ. ਸੀ. ਪੀ. ਸਾਹਨੇਵਾਲ ਹਰਕਮਲ ਕੌਰ ਅਤੇ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੀ 13 ਨਵੰਬਰ ਨੂੰ ਅੰਗਰੇਜ਼ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਚਰਨ ਨਗਰ, ਟਿੱਬਾ ਰੋਡ, ਲੁਧਿਆਣਾ ਨੇ ਥਾਣਾ ਜਮਾਲਪੁਰ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਕਰਮ ਹਸਪਤਾਲ ਦੇ ਨੇੜੇ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦਾ ਐੱਮ. ਆਈ. ਮਾਰਕਾ ਮੋਬਾਇਲ ਫੋਨ ਲੁੱਟਿਆ ਹੈ, ਜਿਸ ਦੇ ਬਾਅਦ ਥਾਣਾ ਮੁਖੀ ਅਵਤਾਰ ਸਿੰਘ ਦੀ ਪੁਲਸ ਪਾਰਟੀ ਨੇ ਮਾਮਲੇ ਦੀ ਤਫਤੀਸ਼ ਦੇ ਸੰਬੰਧ 'ਚ ਭਾਮੀਆਂ ਖੁਰਦ, ਰਵੀ ਢਾਬੇ ਦੇ ਨੇੜੇ ਇਕ ਸਪਲੈਂਡਰ ਪਲੱਸ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਨ੍ਹਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਕੋਲ ਉਕਤ ਮੋਟਰਸਾਈਕਲ ਕਥਿਤ ਚੋਰੀ ਦਾ ਨਿਕਲਿਆ, ਜਦਕਿ ਤਲਾਸ਼ੀ ਦੌਰਾਨ ਪੁਲਸ ਪਾਰਟੀ ਨੇ ਜਤਿੰਦਰ ਸਿੰਘ ਉਰਫ ਪੱਪੀ ਪੁੱਤਰ ਕਰਨੈਲ ਸਿੰਘ ਵਾਸੀ ਚੰਦਰ ਲੋਕ ਕਾਲੋਨੀ, ਮੁਹੱਲਾ ਨਿਊ ਸੁਭਾਸ਼ ਨਗਰ, ਬਸਤੀ ਜੋਧੇਵਾਲ ਪਾਸੋਂ 6 ਮੋਬਾਇਲ ਅਤੇ ਉਸ ਦੇ ਪਿੱਛੇ ਬੈਠੇ ਨਵਜੋਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਤਿਲਕ ਨਗਰ, ਨੇੜੇ ਰਵਿਦਾਸ ਧਰਮਸ਼ਾਲਾ, ਬਸਤੀ ਜੋਧੇਵਾਲ ਪਾਸੋਂ 5 ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਫੋਨ ਬਰਾਮਦ ਕੀਤੇ, ਜਿਸ 'ਤੇ ਪੁਲਸ ਨੇ ਉਕਤ ਦੋਵਾਂ ਨੂੰ ਤੁਰੰਤ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। 
ਇਸੇ ਤਰ੍ਹਾਂ ਚੌਕੀ ਮੂੰਡੀਆਂ ਕਲਾਂ ਦੇ ਇੰਚਾਰਜ ਅਸ਼ਵਨੀ ਕੁਮਾਰ ਦੀ ਪੁਲਸ ਪਾਰਟੀ ਨੇ 33 ਫੁੱਟ ਰੋਡ 'ਤੇ ਗਸ਼ਤ ਦੌਰਾਨ ਬੇਅੰਤ ਸਿੰਘ ਉਰਫ ਬਿੱਲੂ ਪੁੱਤਰ ਗੁਰਦੇਵ ਸਿੰਘ ਵਾਸੀ ਲਛਮਣ ਨਗਰ, ਮੂੰਡੀਆਂ ਖੁਰਦ ਨੂੰ ਇਕ ਮੋਟਰਸਾਈਕਲ ਅਤੇ 5 ਚੋਰੀਸ਼ੁਦਾ ਮੋਬਾਇਲਾਂ ਸਣੇ ਕਾਬੂ ਕੀਤਾ ਪਰ ਉਸਦਾ ਦੂਸਰਾ ਸਾਥੀ ਦੀਪੂ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ। 
ਪਹਿਲਾਂ ਨੇ ਦੋ ਮਾਮਲੇ ਦਰਜ 
ਏ. ਡੀ. ਸੀ. ਪੀ.-4 ਰਾਜਵੀਰ ਸਿੰਘ ਅਤੇ ਏ. ਸੀ. ਪੀ. ਸਾਹਨੇਵਾਲ ਹਰਕਮਲ ਕੌਰ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਜਤਿੰਦਰ ਸਿੰਘ ਉਰਫ ਪੱਪੀ ਅਤੇ ਨਵਜੋਤ ਸਿੰਘ ਦੇ ਖਿਲਾਫ ਥਾਣਾ ਡਵੀਜ਼ਨ ਨੰ. 4 ਅਤੇ ਡਵੀਜ਼ਨ ਨੰ. 2 'ਚ ਚੋਰੀ ਦੇ ਦੋ ਮਾਮਲੇ ਪਹਿਲਾਂ ਤੋਂ ਹੀ ਦਰਜ ਹਨ। 
ਸਥਾਨਕ ਇਲਾਕੇ 'ਚ ਹੀ ਕਰਦੇ ਸਨ ਵਾਰਦਾਤਾਂ  
ਉਕਤ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਕਥਿਤ ਦੋਸ਼ੀ ਥਾਣਾ ਜਮਾਲਪੁਰ, ਜੋਧੇਵਾਲ ਬਸਤੀ, ਮੋਤੀ ਨਗਰ, ਡਵੀਜ਼ਨ ਨੰ. 7 ਅਤੇ ਡਵੀਜ਼ਨ ਨੰ. 4 ਦੇ ਇਲਾਕੇ 'ਚ ਹੀ ਜ਼ਿਆਦਾਤਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਜਿਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ, ਜਿਸ ਕਾਰਨ ਉਨ੍ਹਾਂ ਪਾਸੋਂ ਹੋਰ ਵੀ ਕਈ ਵਾਰਦਾਤਾਂ ਹੱਲ ਹੋਣ ਦੀ ਉਮੀਦ ਹੈ।