ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ, 3 ਗ੍ਰਿਫ਼ਤਾਰ, 1 ਫਰਾਰ

11/10/2017 3:34:52 AM

ਬਠਿੰਡਾ(ਸੁਖਵਿੰਦਰ)-ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਲਾਹਣ ਅਤੇ ਹਰਿਆਣਾ ਸ਼ਰਾਬ ਬਰਾਮਦ ਕਰ ਕੇ 4 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਦਰ ਪੁਲਸ ਦੇ ਹੌਲਦਾਰ ਰਣਧੀਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਬੀੜ ਤਲਾਬ ਵਿਖੇ ਕੁਝ ਵਿਅਕਤੀਆਂ ਵੱਲੋਂ ਨਾਜਾਇਜ਼ ਸ਼ਰਾਬ ਕੱਢਣ ਦਾ ਕਾਰੋਬਾਰ ਚਲਾਇਆ ਜਾ ਰਿਹਾ ਹੈ। ਪੁਲਸ ਨੇ ਸੂਚਨਾ ਦੇ ਆਧਾਰ 'ਤੇ ਮਲਕੀਤ ਸਿੰਘ ਦੇ ਟਿਕਾਣੇ 'ਤੇ ਛਾਪਾਮਾਰੀ ਕਰ ਕੇ 100 ਲੀਟਰ ਲਾਹਣ ਅਤੇ 10 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਕ ਹੋਰ ਮਾਮਲੇ 'ਚ ਸਦਰ ਦੇ ਹੀ ਹੌਲਦਾਰ ਭੋਲਾ ਸਿੰਘ ਨੇ ਮੰਗਤ ਸਿੰਘ ਵਾਸੀ ਬੀੜ ਤਲਾਬ ਦੇ ਟਿਕਾਣੇ ਤੋਂ 50 ਲੀਟਰ ਲਾਹਣ ਬਰਾਮਦ ਕੀਤੀ ਹੈ ਪਰ ਮੁਲਜ਼ਮ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਇਸੇ ਤਰ੍ਹਾਂ ਫੂਲ ਪੁਲਸ ਦੇ ਹੌਲਦਾਰ ਜਗਦੀਪ ਸਿੰਘ ਨੇ ਪਿੰਡ ਫੂਲੇਵਾਲਾ ਤੋਂ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ 15 ਲੀਟਰ ਲਾਹਣ ਬਰਾਮਦ ਕੀਤੀ ਹੈ। ਕੋਟਫੱਤਾ ਪੁਲਸ ਦੇ ਹੌਲਦਾਰ ਗੁਰਦੀਪ ਸਿੰਘ ਨੇ ਪਿੰਡ ਕੋਟਫੱਤਾ ਤੋਂ ਭੂਰਾ ਸਿੰਘ ਨੂੰ ਗ੍ਰਿਫਤਾਰ ਕਰ ਕੇ 36 ਬੋਤਲਾਂ ਹਰਿਆਣਾ ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।