ਭਾਰੀ ਮਾਤਰਾ ''ਚ ਭੁੱਕੀ ਤੇ ਡੋਡਿਆਂ ਸਮੇਤ 2 ਕਾਬੂ

10/22/2017 5:51:24 AM

ਫ਼ਤਿਹਗੜ੍ਹ ਸਾਹਿਬ(ਜੱਜੀ)-ਥਾਣਾ ਸਰਹਿੰਦ ਪੁਲਸ ਨੇ 2 ਵਿਅਕਤੀਆਂ ਨੂੰ 63 ਥੈਲੇ ਭੁੱਕੀ( ਕੁੱਲ 2461 ਕਿਲੋ 700 ਗ੍ਰਾਮ) ਤੇ 49 ਥੈਲੇ ਡੋਡਿਆਂ ਦੇ (ਕੁੱਲ 950 ਕਿਲੋਗ੍ਰਾਮ) ਸਮੇਤ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਰਹਿੰਦ ਪੁਲਸ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਰਾਜਾ ਸਿੰਘ ਪੁੱਤਰ ਜੋਗਿੰਦਰ ਸਿੰਘ, ਸਰਬਜੀਤ ਸਿੰਘ ਪੁੱਤਰ ਸੁਬੇਗ ਸਿੰਘ ਤੇ ਗੁਰਜੰਟ ਸਿੰਘ ਪੁੱਤਰ ਬਗੀਚਾ ਸਿੰਘ ਟਰੱਕ ਰਾਹੀਂ ਭਾਰੀ ਮਾਤਰਾ 'ਚ ਭੁੱਕੀ ਲੈ ਕੇ ਲੁਧਿਆਣਾ ਵੱਲ ਨੂੰ ਜਾ ਰਹੇ ਹਨ, ਜਿਸ 'ਤੇ ਪ੍ਰਦੀਪ ਸਿੰਘ ਨੇ ਤੁਰੰਤ ਪੁਲਸ ਪਾਰਟੀ ਸਮੇਤ ਜੀ. ਟੀ. ਰੋਡ ਬੱਸ ਸਟੈਂਡ ਸਰਹਿੰਦ ਵਿਖੇ ਨਾਕਾ ਲਾਇਆ ਅਤੇ ਉਕਤ ਤਿੰਨਾਂ 'ਚੋਂ 2 ਵਿਅਕਤੀਆਂ ਨੂੰ 63 ਥੈਲੇ ਭੁੱਕੀ ਕੁੱਲ 2461 ਕਿਲੋ 700 ਗ੍ਰਾਮ ਭੁੱਕੀ ਅਤੇ 49 ਥੈਲੇ ਡੋਡਿਆਂ ਦੇ ਕੁੱਲ 950 ਕਿਲੋਗ੍ਰਾਮ ਸਮੇਤ ਕਾਬੂ ਕਰ ਲਿਆ ਜਦੋਂਕਿ ਤੀਸਰੇ ਸਾਥੀ ਗੁਰਜੰਟ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਦੋਲੇਵਾਲ ਥਾਣਾ ਧਰਮਕੋਟ ਜ਼ਿਲਾ ਮੋਗਾ ਦੀ ਤਲਾਸ਼ ਜਾਰੀ ਹੈ। ਇਨ੍ਹਾਂ ਖਿਲਾਫ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕਰਨ ਉਪਰੰਤ ਦੋਵਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਫਤਿਹਗੜ੍ਹ ਸਾਹਿਬ 'ਚ ਪੇਸ਼ ਕਰ ਕੇ 3 ਦਿਨਾਂ ਦਾ ਪੁਲਸ ਰਿਮਾਂਡ ਲਿਆ ਗਿਆ ਹੈ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।  ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ 'ਚ ਮੰਨਿਆ ਕਿ ਉਹ ਨਸ਼ੀਲੇ ਪਦਾਰਥ ਇੰਦੌਰ ਤੋਂ ਲਿਆ ਕੇ ਲੁਧਿਆਣਾ ਵਿਖੇ ਵੇਚਦੇ ਸਨ ਅਤੇ ਉਥੋਂ ਅੱਗੇ ਸਪਲਾਈ ਹੁੰਦੇ ਸਨ।