ਬਾਬਾ ਗੈਂਗ ਦੇ 2 ਹੋਰ ਮੈਂਬਰ ਚੜ੍ਹੇ ਐੱਸ. ਟੀ. ਯੂ. ਹੱਥੇ

09/24/2017 3:47:59 AM

ਲੁਧਿਆਣਾ(ਰਿਸ਼ੀ)-ਸਲੇਮ ਟਾਬਰੀ ਵਿਚ ਪਾਦਰੀ ਕਤਲਕਾਂਡ ਤੋਂ ਬਾਅਦ ਲਗਾਤਾਰ ਬਾਬਾ ਗੈਂਗ 'ਤੇ ਕੱਸੀ ਜਾ ਰਹੀ ਨਕੇਲ ਕਾਰਨ ਸ਼ੁੱਕਰਵਾਰ ਨੂੰ 2 ਹੋਰ ਮੈਂਬਰ ਐੱਸ. ਟੀ. ਯੂ. ਹੱਥੇ ਚੜ੍ਹ ਗਏ ਹਨ। ਪੁਲਸ ਨੇ ਉਨ੍ਹਾਂ ਕੋਲੋਂ 315 ਤੇ 32 ਬੋਰ ਦੇ 2 ਨਾਜਾਇਜ਼ ਰਿਵਾਲਵਰ ਤੇ 7 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਐੱਸ. ਟੀ. ਯੂ. ਵੱਲੋਂ ਸਾਰਿਆਂ ਖਿਲਾਫ ਥਾਣਾ ਡਵੀਜ਼ਨ ਨੰ. 6 'ਚ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਇਸੇ ਗੈਂਗ ਦੇ 5 ਮੈਂਬਰਾਂ ਨੂੰ ਜੇਲ ਪਹੁੰਚਾਇਆ ਜਾ ਚੁੱਕਾ ਹੈ। ਉਪਰੋਕਤ ਜਾਣਕਾਰੀ ਏ. ਡੀ. ਸੀ. ਪੀ. ਕ੍ਰਾਈਮ ਸਤਨਾਮ ਸਿੰਘ ਅਤੇ ਇੰਸਪੈਕਟਰ ਪ੍ਰੇਮ ਸਿੰਘ ਨੇ ਪੱਤਰਕਾਰ ਸਮਾਗਮ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਫੜੇ ਗਏ ਗੈਂਗਸਟਰਾਂ ਦੀ ਪਛਾਣ ਰੋਹਿਤ ਧੀਰ ਨਿਵਾਸੀ ਜਲੰਧਰ ਤੇ ਪਰਮਜੀਤ ਸਿੰਘ ਨਿਵਾਸੀ ਰਾਹੋਂ ਰੋਡ ਵਜੋਂ ਹੋਈ ਹੈ। ਪੁਲਸ ਨੇ ਉਨ੍ਹਾਂ ਨੂੰ ਚੀਮਾ ਚੌਕ ਦੇ ਕੋਲੋਂ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ। ਪੁਲਸ ਦੇ ਮੁਤਾਬਕ ਦੋਵੇਂ ਬਾਬਾ ਗੈਂਗ ਦੇ ਮੈਂਬਰ ਹਨ। ਦੋਵਾਂ ਖਿਲਾਫ ਲਗਭਗ 8 ਲੜਾਈ-ਝਗੜੇ, ਨਸ਼ਾ ਸਮੱਗਲਿੰਗ ਅਤੇ ਕੁਕਰਮ ਦੇ ਕੇਸ ਦਰਜ ਹਨ। ਪੁਲਸ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ।
ਹਨੀ ਤੋਂ ਖਰੀਦੇ ਦੋਵੇਂ ਨਾਜਾਇਜ਼ ਰਿਵਾਲਵਰ
ਪੁਲਸ ਦੇ ਮੁਤਾਬਕ ਦੋਵਾਂ ਤੋਂ ਬਰਾਮਦ ਨਾਜਾਇਜ਼ ਰਿਵਾਲਵਰ ਗੈਂਗਸਟਰ ਹਨੀ ਤੋਂ 70 ਹਜ਼ਾਰ ਰੁਪਏ ਵਿਚ ਖਰੀਦੇ ਸਨ, ਜਦੋਂਕਿ ਬਾਬਾ ਗੈਂਗ ਦੇ ਸਾਰੇ ਮੈਂਬਰਾਂ ਨੂੰ ਅਸਲਾ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਹਨੀ ਦੀ ਹੈ। ਜੋ ਉਨ੍ਹਾਂ ਨੂੰ ਨਾਜਾਇਜ਼ ਅਸਲਾ ਐੱਮ. ਪੀ. ਤੋਂ ਲਿਆ ਕੇ ਦਿੰਦਾ ਹੈ।
ਗੈਂਗਸਟਰ ਜਿੰਦੀ ਨੇ ਮਿਲਾਇਆ ਦੋਵਾਂ ਨੂੰ
ਕੁਕਰਮ ਦੇ ਦੋਸ਼ ਵਿਚ ਭਗੌੜਾ ਰੋਹਿਤ ਧੀਰ ਗੈਂਗਸਟਰ ਜਿੰਦੀ ਦੇ ਸੰਪਰਕ ਵਿਚ ਆਇਆ, ਜਿੱਥੇ ਉਸ ਦੀ ਮੁਲਾਕਾਤ ਗੈਂਗਸਟਰ ਪੰਮਾ ਨਾਲ ਹੋਈ, ਜਿਸ ਤੋਂ ਬਾਅਦ ਦੋਵੇਂ ਸ਼ਰਾਬ ਦੀ ਸਮੱਗਲਿੰਗ ਕਰਨ ਲੱਗ ਪਏ। 1 ਸਾਲ ਬਾਅਦ ਧੀਰ ਫੜਿਆ ਗਿਆ ਅਤੇ ਜੇਲ ਚਲਾ ਗਿਆ। 8 ਸਾਲ ਸਜ਼ਾ ਕੱਟਣ ਤੋਂ ਬਾਅਦ ਬਾਹਰ ਆ ਕੇ ਫਿਰ ਪੰਮੇ ਨਾਲ ਮੁਲਾਕਾਤ ਕੀਤੀ ਅਤੇ ਪਹਿਲਾਂ ਵਾਂਗ ਫਿਰ ਸ਼ਰਾਬ ਦੀ ਸਮੱਗਲਿੰਗ ਕਰਨ ਲੱਗ ਪਏ।
ਬਾਬਾ ਗੈਂਗ ਦੇ ਮੈਂਬਰ ਰੱਖੇ ਆਪਣੇ ਕੋਲ
ਪੁਲਸ ਦੇ ਮੁਤਾਬਕ ਇਨ੍ਹਾਂ ਦੋਵਾਂ ਗੈਂਗਸਟਰਾਂ ਨੇ ਦਿਲਪ੍ਰੀਤ ਸਿੰਘ ਬਾਬਾ ਗੈਂਗ ਦੇ ਕਈ ਮੈਂਬਰਾਂ ਨੂੰ ਪੁਲਸ ਤੋਂ ਬਚਾਉਣ ਲਈ ਆਪਣੇ ਕੋਲ ਰੱਖਿਆ ਅਤੇ ਨਾਜਾਇਜ਼ ਰਿਵਾਲਵਰ ਵੀ ਖਰੀਦੇ। ਬਾਬਾ ਗੈਂਗ ਦੀ ਸ਼ਹਿ 'ਤੇ ਹੀ ਨਸ਼ਾ ਸਮੱਗਲਿੰਗ ਦਾ ਕਾਰੋਬਾਰ ਕਰ ਰਹੇ ਸਨ।