ਸਥਾਨਕ ਸਟੇਸ਼ਨ ਤੋਂ 2 ਗਿਰੋਹਾਂ ਦੇ 8 ਮੈਂਬਰਾਂ ਨੂੰ ਜੀ. ਆਰ. ਪੀ. ਨੇ ਕੀਤਾ ਕਾਬੂ

09/23/2017 4:57:05 AM

ਲੁਧਿਆਣਾ(ਵਿਪਨ)-ਤਿਉਹਾਰਾਂ ਦੇ ਸੀਜ਼ਨ 'ਚ ਟਰੇਨਾਂ ਅਤੇ ਸਟੇਸ਼ਨਾਂ 'ਤੇ ਯਾਤਰੀਆਂ ਦੀ ਭੀੜ ਇਕਦਮ ਵਧ ਜਾਂਦੀ ਹੈ ਅਤੇ ਇਸ ਭੀੜ ਦਾ ਫਾਇਦਾ ਚੁੱਕ ਕੇ ਯਾਤਰੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦਾ ਕੀਮਤੀ ਸਾਮਾਨ ਲੁੱਟਣ ਵਾਲੇ ਗਿਰੋਹ ਸਰਗਰਮ ਹੋ ਜਾਂਦੇ ਹਨ ਪਰ ਇਸ ਵਾਰ ਸੁਰੱਖਿਆ ਬਲਾਂ ਨੇ ਇਸ ਤਰ੍ਹਾਂ ਦੇ ਗਿਰੋਹਾਂ ਤੋਂ ਯਾਤਰੀਆਂ ਦੀ ਸੁਰੱਖਿਆ ਕਰਨ ਦੇ ਲਈ ਪੂਰੀ ਤਰ੍ਹਾਂ ਕਮਰ ਕੱਸ ਰੱਖੀ ਹੈ, ਜਿਸ ਦੌਰਾਨ ਰੇਲਵੇ ਪੁਲਸ ਨੇ ਸਟੇਸ਼ਨ ਤੋਂ ਪਿਛਲੇ ਦੋ ਦਿਨਾਂ ਦੇ ਅੰਦਰ 2 ਵੱਖ-ਵੱਖ ਗਿਰੋਹਾਂ ਦੇ 8 ਮੈਂਬਰਾਂ ਅਤੇ ਇਸ ਦੇ ਹਫਤੇ 'ਚ ਕੁਲ ਚਾਰ ਗਿਰੋਹ ਦੇ ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਸ ਥਾਣਾ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਗਿਰੋਹ ਜੋ ਕਿ ਟਰੇਨਾਂ ਅਤੇ ਸੁੰਨਸਾਨ ਸਥਾਨਾਂ 'ਤੇ ਯਾਤਰੀਆਂ ਨੂੰ ਹਥਿਆਰਾਂ ਦੇ ਬਲ 'ਤੇ ਲੁੱਟਦੇ ਹਨ ਦੇ ਕੁਝ ਮੈਂਬਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. 6, 7 'ਤੇ ਬੈਠੇ ਹਨ, ਜਿਸ ਦੌਰਾਨ ਏ. ਐੱਸ. ਆਈ. ਰਤਨ ਲਾਲ ਨੇ ਪੁਲਸ ਪਾਰਟੀ ਦੇ ਨਾਲ ਛਾਪੇਮਾਰੀ ਕੀਤੀ ਤਾਂ ਫਲਾਈਓਵਰ (ਪੁਰਾਣਾ ਲੱਕੜ ਪੁਲ) ਵੱਲ ਬੈਠੇ ਕੁਝ ਵਿਅਕਤੀਆਂ ਨੇ ਪੁਲਸ ਨੂੰ ਆਉਂਦੇ ਦੇਖ ਇਧਰ-ਉਧਰ ਖਿਸਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ ਬਰਾਮਦ ਹੋÂ, ਜਿਸ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਥਾਣੇ ਲਿਆਂਦਾ ਗਿਆ।
 ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਜੰਮੂ ਦੇ ਰਹਿਣ ਵਾਲੇ ਰਜਿੰਦਰ ਕੁਮਾਰ ਜੋ ਕਿ ਗਿਰੋਹ ਦਾ ਸਰਗਣਾ ਹੈ, ਸਥਾਨਕ ਇਸਲਾਮਗੰਜ ਦੇ ਰਹਿਣ ਵਾਲੇ ਰਾਜਾ, ਬਿਹਾਰ ਦੇ ਜ਼ਿਲਾ ਬਰੌਨੀ ਦੇ ਰਹਿਣ ਵਾਲੇ ਵਿਕਰਮ ਗੋਸਵਾਮੀ, ਬਿਹਾਰ ਦੇ ਜ਼ਿਲਾ ਦਰਭੰਗਾ ਦੇ ਰਹਿਣ ਵਾਲੇ ਰਾਹੁਲ ਕੁਮਾਰ ਵਜੋਂ ਹੋਈ ਹੈ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਗਿਰੋਹ ਬਣਾ ਕੇ ਟਰੇਨਾਂ ਅਤੇ ਸਟੇਸ਼ਨਾਂ ਤੋਂ ਨਿਕਲਦੇ ਸੁੰਨਸਾਨ ਰਸਤਿਆਂ 'ਤੇ ਯਾਤਰੀਆਂ ਦਾ ਸਾਮਾਨ ਲੁੱਟਦੇ ਅਤੇ ਚੋਰੀ ਕਰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਗਿਰੋਹ ਦੇ ਸਰਗਣਾ ਰਜਿੰਦਰ 'ਤੇ ਪਹਿਲਾਂ ਵੀ ਯਾਤਰੀਆਂ ਨੂੰ ਨਸ਼ੀਲੇ ਪਦਾਰਥ ਦਾ ਸੇਵਨ ਕਰਵਾ ਕੇ ਲੁੱਟਣ ਦੇ ਦੋਸ਼ 'ਚ ਮਾਮਲਾ ਦਰਜ ਹੈ।
 ਇਕ ਹੋਰ ਮਾਮਲੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਦਰਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਫੜੇ ਗਏ ਦੋਸ਼ੀਆਂ ਨੇ ਦੱਸਿਆ ਕਿ ਪਲੇਟਫਾਰਮ ਨੰ. 6, 7 'ਤੇ ਕੁਝ ਦੋਸ਼ੀ ਹੁਣ ਵੀ ਡੇਰਾ ਜਮਾਈ ਬੈਠੇ ਹਨ, ਜੋ ਰਾਤ ਦੇ ਸਮੇਂ ਇਥੇ ਸ਼ਰਨ ਲੈਂਦੇ ਹਨ ਦੇ ਆਧਾਰ 'ਤੇ ਏ. ਐੱਸ. ਆਈ. ਰਾਮ ਕਿਸ਼ਨ ਨੂੰ ਪੁਲਸ ਪਾਰਟੀ ਸਮੇਤ ਉਥੇ ਚੌਕਸੀ ਰੱਖਣ ਲਈ ਭੇਜਿਆ ਗਿਆ ਤਾਂ ਉਥੇ ਇਕ ਸੁੰਨਸਾਨ ਕੋਨੇ 'ਚ ਬੈਠੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਇਕ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ, ਉਨ੍ਹਾਂ ਦੀ ਤਲਾਸ਼ੀ ਲੈਣ 'ਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਤੇ ਗ੍ਰਿਫਤਾਰ ਕਰ ਕੇ ਥਾਣੇ ਲਿਆਂਦਾ ਗਿਆ।   ਇੰਦਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਬਸਤੀ ਜੋਧੇਵਾਲ ਦੇ ਰਹਿਣ ਵਾਲੇ ਸੂਰਜ ਸੋਨੀ ਜੋ ਕਿ ਗਿਰੋਹ ਦਾ ਸਰਗਣਾ ਹੈ, ਅੰਮ੍ਰਿਤਸਰ ਦੇ ਸੁਲਤਾਨ ਵਿੰਡ ਦੇ ਰਹਿਣ ਵਾਲੇ ਬਬਲੂ ਸਿੰਘ, ਬਿਹਾਰ ਦੇ ਜ਼ਿਲਾ ਮੁਜ਼ਫਰਪੁਰ ਦੇ ਰਹਿਣ ਵਾਲੇ ਰਾਜੂ ਦਾਸ ਅਤੇ ਸਥਾਨਕ ਕਰਤਾਰ ਕਾਲੋਨੀ ਦੇ ਰਹਿਣ ਵਾਲੇ ਟਿੰਕੂ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਗਿਰੋਹਾਂ ਦੇ ਸਾਰੇ ਦੋਸ਼ੀਆਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕਰ ਕੇ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ ਹੈ।