ਟ੍ਰਾਂਜ਼ਿਟ ਰਿਮਾਂਡ ''ਤੇ ਲਿਆਂਦਾ ਅੱਤਵਾਦੀ 3 ਦਿਨਾ ਪੁਲਸ ਰਿਮਾਂਡ ''ਤੇ

09/22/2017 4:45:53 AM

ਨਵਾਂਸ਼ਹਿਰ(ਤ੍ਰਿਪਾਠੀ)- ਨਵਾਂਸ਼ਹਿਰ ਪੁਲਸ ਦੀ ਇਨਪੁੱਟ 'ਤੇ ਯੂ.ਪੀ. ਦੀ ਏ.ਟੀ.ਐੱਸ. ਵੱਲੋਂ ਗ੍ਰਿਫਤਾਰ ਕੀਤੇ ਗਏ ਦੋ ਅੱਤਵਾਦੀਆਂ 'ਚੋਂ ਇਕ ਨੂੰ ਟ੍ਰਾਂਜ਼ਿਟ ਰਿਮਾਂਡ 'ਤੇ ਲਿਆਈ ਸੀ.ਆਈ.ਏ. ਸਟਾਫ਼ ਨਵਾਂਸ਼ਹਿਰ ਦੀ ਪੁਲਸ ਨੇ ਅੱਜ ਅਦਾਲਤ 'ਚ ਪੇਸ਼ ਕਰ ਕੇ 3 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਯੂ.ਪੀ. ਦੀ ਏ.ਟੀ.ਐੱਸ. ਅਤੇ ਪੰਜਾਬ ਪੁਲਸ ਦੇ ਸਾਂਝੇ ਆਪ੍ਰੇਸ਼ਨ ਵਿਚ ਯੂ.ਪੀ. ਦੇ ਲਖੀਮਪੁਰ ਜ਼ਿਲੇ 'ਚੋਂ ਕਾਬੂ ਕੀਤੇ ਗਏ ਦੋ ਅੱਤਵਾਦੀਆਂ 'ਚੋਂ ਇਕ ਸਤਨਾਮ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸਿਕੰਦਰਪੁਰ ਜ਼ਿਲਾ ਖੀਰੀ (ਉੱਤਰ ਪ੍ਰਦੇਸ਼) ਨੂੰ ਨਵਾਂਸ਼ਹਿਰ ਦੀ ਪੁਲਸ ਟ੍ਰਾਂਜ਼ਿਟ ਰਿਮਾਂਡ 'ਤੇ ਲਿਆਈ ਸੀ। ਬੱਬਰ ਖਾਲਸਾ ਨਾਲ ਸੰਬੰਧਤ ਦੱਸੇ ਜਾ ਰਹੇ ਇਸ ਅੱਤਵਾਦੀ ਨੂੰ ਅਦਾਲਤ ਨੇ 3 ਦਿਨਾਂ ਦੇ ਪੁਲਸ ਰਿਮਾਂਡ 'ਤੇ ਸੌਂਪਿਆ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਅੱਤਵਾਦੀ ਜਤਿੰਦਰ ਸਿੰਘ ਨੂੰ ਨਾਭਾ ਜੇਲ ਕਾਂਡ ਵਿਚ ਸ਼ਾਮਲ ਹੋਣ ਦੀ ਸ਼ੰਕਾ ਕਾਰਨ ਨਾਭਾ ਪੁਲਸ ਨੇ ਟ੍ਰਾਂਜ਼ਿਟ ਰਿਮਾਂਡ 'ਤੇ ਲਿਆ ਹੈ, ਜਦੋਂਕਿ ਬੱਬਰ ਖਾਲਸਾ ਨਾਲ ਸੰਬੰਧਤ ਸਤਨਾਮ ਸਿੰਘ ਨੂੰ ਨਵਾਂਸ਼ਹਿਰ ਪੁਲਸ ਲੈ ਕੇ ਆਈ ਸੀ। ਜ਼ਿਕਰਯੋਗ ਹੈ ਕਿ ਮੁਕੰਦਪੁਰ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ 2 ਅੱਤਵਾਦੀਆਂ ਦੀ ਨਿਸ਼ਾਨਦੇਹੀ 'ਤੇ ਜ਼ਿਲਾ ਪੁਲਸ ਨੇ ਸਤਨਾਮ ਸਿੰਘ ਨੂੰ ਨਾਮਜ਼ਦ ਕੀਤਾ ਸੀ। ਗ੍ਰਿਫਤਾਰ ਅੱਤਵਾਦੀ ਤੋਂ ਕਈ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।