ਕਰੋੜਾਂ ਰੁਪਏ ਲੈ ਕੇ ਫਰਾਰ ਆੜ੍ਹਤੀਏ ਦੀ ਪਤਨੀ ਕਾਬੂ

09/07/2017 2:20:22 AM

ਤਪਾ ਮੰਡੀ(ਸ਼ਾਮ, ਗਰਗ, ਮਾਰਕੰਡਾ)-ਪਿਛਲੇ ਸਮੇਂ ਦੌਰਾਨ ਕਰਾਊਨ ਨਾਂ ਦੀ ਚਿੱਟਫ਼ੰਡ ਕੰਪਨੀ ਵੱਲੋਂ ਜਿੱਥੇ ਜ਼ਿਲਾ ਬਰਨਾਲਾ ਦੇ ਲੋਕਾਂ ਨੂੰ ਆਪਣੇ ਜਾਲ ਵਿਚ ਫ਼ਸਾ ਕੇ ਅੰਨ੍ਹੀ ਲੁੱਟ ਮਚਾਈ ਗਈ, ਜਿਸ ਕਾਰਨ ਲੋਕ ਹੁਣ ਤੱਕ ਵੀ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਹਨ ਤੇ ਕਈਆਂ ਵੱਲੋਂ ਤਾਂ ਆਤਮਹੱਤਿਆ ਤੱਕ ਕਰ ਲਈ ਗਈ। ਉਥੇ ਹੀ ਜ਼ਿਲੇ ਦੀ ਸਬ-ਡਵੀਜ਼ਨ ਤਪਾ ਮੰਡੀ ਦੇ ਆੜ੍ਹਤੀਏ ਵੱਲੋਂ ਮੰਡੀ ਦੇ ਅਤੇ ਕਿਸਾਨਾਂ ਦੇ ਕਰੋੜਾਂ ਰੁਪਏ ਹੜੱਪਣ ਦਾ ਮਾਮਲਾ ਪੁਲਸ ਨੇ 23 ਮਈ ਨੂੰ ਆੜ੍ਹਤੀਏ ਰਾਕੇਸ਼ ਕੁਮਾਰ ਪੁੱਤਰ ਮੋਹਨ ਲਾਲ ਸਣੇ ਪਤਨੀ ਪ੍ਰਵੀਨ ਰਾਣੀ, ਪੁੱਤਰ ਹਰੀ ਓਮ, ਪਿਤਾ ਮੋਹਨ ਲਾਲ ਪੁੱਤਰ ਨਿੱਕੂ ਰਾਮ, ਪੁੱਤਰੀ ਨਾਮ ਨਾਮਾਲੂਮ ਵਾਸੀਆਨ ਗਲੀ ਨੰਬਰ 4 ਤਪਾ ਮੰਡੀ, ਰਿਸ਼ਤੇਦਾਰ ਵਿਜੇ ਕੁਮਾਰ ਵਾਸੀ ਮੋਗਾ ਖਿਲਾਫ ਥਾਣਾ ਤਪਾ ਵਿਖੇ ਦਰਜ ਕੀਤਾ ਗਿਆ ਸੀ। ਪੁਲਸ ਉਨ੍ਹਾਂ ਨੂੰ ਕਾਬੂ ਕਰਨ ਲਈ ਥਾਂ-ਥਾਂ ਛਾਪੇਮਾਰੀ ਕਰ ਰਹੀ ਸੀ, ਤਪਾ ਪੁਲਸ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਉਕਤ ਰਾਕੇਸ਼ ਕੁਮਾਰ ਦੀ ਪਤਨੀ ਪ੍ਰਵੀਨ ਰਾਣੀ ਨੂੰ ਉਸ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ ਬਰਨਾਲਾ 'ਚ ਪੇਸ਼ ਕੀਤਾ ਗਿਆ ਜਿਥੇ ਪੁਲਸ ਨੇ ਉਸ ਨੂੰ ਜੇਲ 'ਚ ਭੇਜ ਦਿੱਤਾ ਹੈ। ਇੰਸਪੈਕਟਰ ਮਨਜੀਤ ਸਿੰਘ ਐੱਸ. ਐੱਚ. ਓ. ਤਪਾ ਨੇ ਦੱਸਿਆ ਕਿ ਬਾਕੀ ਦੋਸ਼ੀਆਂ ਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦੀ ਹੀ ਪੁਲਸ ਗ੍ਰਿਫਤਾਰ ਕਰ ਲਵੇਗੀ।