ਭਾਰੀ ਮਾਤਰਾ ''ਚ ਅਲਕੋਹਲ ਸਣੇ 1 ਗ੍ਰਿਫ਼ਤਾਰ

09/01/2017 6:00:02 AM

ਗੁਰਦਾਸਪੁਰ(ਵਿਨੋਦ, ਦੀਪਕ)-ਦੀਨਾਨਗਰ ਪੁਲਸ ਵੱਲੋਂ ਇਕ ਵਿਅਕਤੀ ਕੋਲੋਂ ਭਾਰੀ ਮਾਤਰਾ 'ਚ ਅਲਕੋਹਲ ਬਰਾਮਦ ਕੀਤੀ ਹੈ। ਦੀਨਾਨਗਰ ਥਾਣਾ ਮੁਖੀ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਏ. ਐੱਸ. ਆਈ. ਨਰੇਸ਼ ਸ਼ਰਮਾ, ਹੈੱਡ ਕਾਂਸਟੇਬਲ ਦਲਜੀਤ ਸਿੰਘ, ਹੈੱਡ ਕਾਂਸਟੇਬਲ ਸੁੱਚਾ ਸਿੰਘ ਅਤੇ ਪੰਜਾਬ ਹੋਮ ਗਾਰਡ ਕੁਲਦੀਪ ਪੁਲਸ ਪਾਰਟੀ ਨਾਲ ਦੀਨਾਨਗਰ ਥਾਣੇ ਤੋਂ ਅਵਾਂਖਾ ਬਹਿਰਾਮਪੁਰ ਰੋਡ ਵੱਲ ਗਸ਼ਤ ਕਰ ਰਹੇ ਸਨ ਤੇ ਉਨ੍ਹਾਂ ਨੂੰ ਗੁਪਤਾ ਸੂਚਨਾ ਮਿਲੀ ਕਿ ਪਰਮਜੀਤ ਉਰਫ ਪੰਮਾ ਪੁੱਤਰ ਸੁਰਿੰਦਰ ਵਾਸੀ ਅਵਾਂਖਾ, ਜੋ ਕਿ ਨਾਜਾਇਜ਼ ਦੇਸੀ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਤੇ ਉਹ 2 ਕੈਨ ਲੈ ਕੇ ਛੰਬ ਰੋਡ ਅਵਾਂਖਾ 'ਤੇ ਖੜ੍ਹਾ ਹੈ। ਪੁਲਸ ਪਾਰਟੀ ਨੇ ਮੌਕੇ 'ਤੇ ਛਾਪੇਮਾਰੀ ਕਰ ਕੇ ਪਰਮਜੀਤ ਨੂੰ 2 ਕੈਨਾਂ ਸਮੇਤ ਗ੍ਰਿਫਤਾਰ ਕੀਤਾ ਅਤੇ ਤਲਾਸ਼ੀ ਲੈਣ 'ਤੇ ਉਨ੍ਹਾਂ ਕੈਨਾਂ 'ਚੋਂ 63,750 ਐੱਮ. ਐੱਲ. ਅਲਕੋਹਲ ਬਰਾਮਦ ਹੋਈ। ਪੁੱਛਗਿੱਛ ਦੌਰਾਨ ਉਕਤ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਇਹ ਅਲਕੋਹਲ ਹਿਮਾਚਲ ਤੋਂ ਕੋਈ ਵਿਅਕਤੀ ਦੇ ਕੇ ਗਿਆ ਸੀ। ਇਸ ਤੋਂ ਨਾਜਾਇਜ਼ ਦੇਸ਼ੀ ਸ਼ਰਾਬ ਤਿਆਰ ਕਰ ਕੇ ਦੀਨਾਨਗਰ ਹਲਕੇ ਦੇ ਪਿੰਡਾਂ 'ਚ ਵੇਚਣੀ ਸੀ। ਥਾਣਾ ਮੁਖੀ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਇਸ ਅਲਕੋਹਲ ਤੋਂ 11 ਲੱਖ 25 ਹਜ਼ਾਰ ਐੱਮ. ਐੱਲ. ਨਾਜਾਇਜ਼ ਦੇਸੀ ਸ਼ਰਾਬ ਤਿਆਰ ਕੀਤੀ ਜਾਣੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਸ ਨੇ ਉਸ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।