ਸੁਸਾਈਡ ਨੋਟ ਰਾਹੀਂ ਹੋਇਆ ਜੂਏ ਦੇ ਗੋਰਖਧੰਦੇ ਦਾ ਪਰਦਾਫਾਸ਼

Tuesday, Aug 01, 2017 - 01:00 AM (IST)

ਜ਼ੀਰਾ(ਕੰਡਿਆਲ)—ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ, ਨਸ਼ਾਖੋਰੀ 'ਤੇ ਪਾਬੰਦੀ ਅਤੇ ਗੈਰ ਕਾਨੂੰਨੀ ਕੰਮਾਂ ਦੀ ਰੋਕਥਾਮ ਪੁਲਸ ਦਾ ਕੰਮ ਹੈ, ਪਰ ਗੱਲ ਇਹ ਹੈ ਕਿ ਪੁਲਸ ਪ੍ਰਸ਼ਾਸਨ ਸਿਰਫ਼ ਮਾਮੂਲੀ ਝਗੜਿਆਂ ਦੀ ਦਰਖਾਸਤਾਂ ਤੇ ਹੋਰ ਮਾਮਲਿਆਂ ਵਿਚ ਹੀ ਉਲਝਿਆ ਰਹਿੰਦਾ ਹੈ ਅਤੇ ਗੈਰ ਸਮਾਜਿਕ ਤੱਤ ਅੰਦਰ ਖਾਤੇ ਵਧਦੇ ਜਾ ਰਹੇ ਹਨ। ਬੀਤੇ ਦਿਨੀਂ ਪਿੰਡ ਮਹੀਆਂ ਵਾਲਾ ਖੁਰਦ ਦੇ ਟੈਕਸੀ ਡਰਾਈਵਰ ਨੇ ਜਿਸ ਤਰ੍ਹਾਂ ਆਪਣੇ ਸੁਸਾਈਡ ਨੋਟ ਵਿਚ ਆਪਣੀ ਮੌਤ ਦੇ ਕਾਰਨ ਲਈ ਜ਼ਿੰਮੇਵਾਰ ਜੂਏਬਾਜ਼ ਤੇ ਅੱਡਾ ਸੰਚਾਲਕਾਂ ਦੇ ਨਾਮ ਉਜਾਗਰ ਕੀਤੇ ਹਨ ਅਤੇ ਸੁਸਾਈਡ ਨੋਟ ਵਿਚ ਉਸਨੇ ਲੱਗਭਗ 26 ਵਿਅਕਤੀਆਂ ਨੂੰ ਜੂਏ ਦੇ ਗੋਰਖਧੰਦੇ ਨਾਲ ਜੁੜਿਆ ਦੱਸਿਆ ਹੈ, ਤਾਂ ਜਾਹਿਰ ਹੈ ਕਿ ਕਿਤੇ ਨਾ ਕਿਤੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਹੋਵੇਗੀ, ਜਿਸ ਕਾਰਨ ਇਹ ਸਾਰਾ ਗੋਰਖਧੰਦਾ ਚੱਲਦਾ ਹੋਵੇਗਾ। ਭਾਵੇਂ ਕਿ ਮ੍ਰਿਤਕ ਸੁਖਦਰਸ਼ਨ ਸਿੰਘ ਦੇ ਸੁਸਾਈਡ ਨੋਟ ਨੂੰ ਆਧਾਰ ਮੰਨਦਿਆਂ ਪੁਲਸ ਨੇ ਉਕਤ ਕਥਿਤ ਦੋਸ਼ੀਆਂ ਖਿਲਾਫ਼ ਮੁਕੱਦਮਾ ਵੀ ਦਰਜ਼ ਕਰ ਲਿਆ ਹੈ, ਪਰ ਪੁਲਸ ਵੱਲੋਂ ਅਜੇ ਤੱਕ ਕਿਸੇ ਜੂਏ ਦੇ ਅੱਡੇ 'ਤੇ ਛਾਪਾਮਾਰੀ ਨਹੀਂ ਕੀਤੀ ਗਈ, ਜਿਸ ਕਰਕੇ ਸਾਰਾ ਮਾਮਲਾ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ, ਕਿਉਂਕਿ ਸੁਸਾਈਡ ਕਰਨ ਵਾਲੇ ਟੈਕਸੀ ਡਰਾਈਵਰ ਸੁਖਦਰਸ਼ਨ ਸਿੰਘ ਨੇ ਆਪਣੇ ਲਗਭਗ 33 ਲੱਖ ਦੇ ਕਰੀਬ ਰੁਪਏ ਜੂਏ ਵਿਚ ਹੀ ਗਵਾਏ ਹਨ, ਫਿਰ ਜੂਏਬਾਜ਼ਾਂ ਦਾ ਚੱਲਦਾ ਗੋਰਖਧੰਦਾਂ ਪੁਲਸ ਦੀ ਪਕੜ ਤੋਂ ਬਾਹਰ ਕਿਉਂ ਹੈ ਜਾਂ ਫਿਰ ਇਹ ਸਾਰਾ ਗੋਰਖਧੰਦਾ ਪੁਲਸ ਦੀ ਸਰਪ੍ਰਸਤੀ ਹੇਠ ਚੱਲਦਾ ਹੈ। 
ਕੀ ਹੈ ਮੰਗ
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਬਲਵਿੰਦਰ ਸਿੰਘ ਕਾਕੂ ਝਤਰੇ, ਸ਼ਿੰਗਾਰਾ ਸਿੰਘ ਝਤਰੇ, ਹਰਦਿਆਲ ਸਿੰਘ ਅਲੀਪੁਰ ਆਦਿ ਨੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਅਤੇ ਮ੍ਰਿਤਕ ਦੇ ਪਰਿਵਾਰ ਲਈ ਸਰਕਾਰੀ ਨੌਕਰੀ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ।  
ਕੀ ਕਹਿਣਾ ਹੈ ਐੱਸ. ਪੀ. ਹੈੱਡ ਕੁਆਟਰ ਬੋਪਾਰਾਏ ਦਾ
ਉਧਰ ਜਦ ਇਸ ਸਬੰਧੀ ਪੱਖ ਜਾਨਣ ਲਈ ਐੱਸ. ਪੀ. ਹੈੱਡ ਕੁਆਟਰ ਸ. ਰਾਜਬੀਰ ਸਿੰਘ ਬੋਪਾਰਾਏ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਜਾਂਚ ਲਈ ਸਬੰਧਤ ਡੀ. ਐੱਸ. ਪੀ. ਦੀ ਡਿਊਟੀ ਲਾਏ ਜਾਣ ਬਾਰੇ ਕਿਹਾ।


Related News