ਪੰਜਾਬ 'ਚ ਹਰੇਕ ਅਸਲਾ ਲਾਇਸੈਂਸ ਦੀ ਘਰ-ਘਰ ਜਾ ਕੇ ਹੋਵੇਗੀ ਜਾਂਚ, ਪੁਲਸ ਨੂੰ ਮਿਲੀਆਂ ਸਖ਼ਤ ਹਦਾਇਤਾਂ

11/22/2022 8:49:31 AM

ਜਲੰਧਰ (ਧਵਨ) : ਪੰਜਾਬ 'ਚ ਹੋ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਭਵਿੱਖ 'ਚ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਪੰਜਾਬ ਪੁਲਸ ਨੇ ਅਸਲਾ ਲਾਇਸੈਂਸਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਬੀਤੇ ਦਿਨ ਸੂਬੇ ਦੇ ਸਾਰੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਹਥਿਆਰਾਂ ਦੇ ਲਾਇਸੈਂਸਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨ ਦੇ ਹੁਕਮ ਜਾਰੀ ਕੀਤੇ ਸਨ। ਪੰਜਾਬ ਪੁਲਸ ਦਾ ਮੰਨਣਾ ਹੈ ਕਿ ਸੂਬੇ 'ਚ ਕਈ ਲੋਕਾਂ ਨੇ ਆਪਣੇ ਅਸਲਾ ਲਾਇਸੈਂਸ ਗਲਤ ਪਤੇ ’ਤੇ ਬਣਵਾਏ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਅਸਲਾ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਖਿਡੌਣਿਆਂ ਰਾਹੀਂ ਵੀ ਦਿੱਤੀ ਜਾਵੇਗੀ ਸਿੱਖਿਆ, ਸਰਕਾਰ ਨੇ ਜਾਰੀ ਕੀਤੀ ਗ੍ਰਾਂਟ

ਪੰਜਾਬ ਸਰਕਾਰ ਸੂਬੇ 'ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਅਸਲਾ ਲਾਇਸੈਂਸਾਂ ਨੂੰ ਲੈ ਕੇ ਬਹੁਤ ਸਖ਼ਤ ਹੋ ਗਈ ਹੈ। ਹੁਣ ਕਿਸੇ ਵੀ ਵਿਅਕਤੀ ਲਈ ਆਪਣਾ ਅਸਲਾ ਲਾਇਸੈਂਸ ਬਣਵਾਉਣਾ ਸੌਖਾ ਨਹੀਂ ਹੋਵੇਗਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨੇ ਆਪਣੇ-ਆਪਣੇ ਅਧਿਕਾਰ ਖੇਤਰਾਂ 'ਚ ਪੁਲਸ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਹਨ। ਹੁਣ ਸੂਬੇ 'ਚ ਹਰੇਕ ਅਸਲਾ ਲਾਇਸੈਂਸ ਦੀ ਫਿਜ਼ੀਕਲ ਵੈਰੀਫਿਕੇਸ਼ਨ ਹੋਵੇਗੀ। ਪੁਲਸ ਮੁਲਾਜ਼ਮ ਵੈਰੀਫਿਕੇਸ਼ਨ ਕਰਨ ਲਈ ਹਰੇਕ ਅਸਲਾ ਲਾਇਸੈਂਸ ਧਾਰਕ ਦੇ ਘਰ ਜਾ ਕੇ ਜਾਂਚ ਕਰਨਗੇ।

ਇਹ ਵੀ ਪੜ੍ਹੋ : ਲੁਧਿਆਣਾ ਦੀ ਯੂਨੀਵਰਸਿਟੀ ਬਣੀ ਜੰਗ ਦਾ ਮੈਦਾਨ, ਵਿਦਿਆਰਥੀਆਂ 'ਚ ਚੱਲੇ ਤੇਜ਼ਧਾਰ ਹਥਿਆਰ

ਇਸ ਦੌਰਾਨ ਇਹ ਵੀ ਦੇਖਿਆ ਜਾਵੇਗਾ ਕਿ ਸਬੰਧਿਤ ਵਿਅਕਤੀ ਨੂੰ ਅਸਲ 'ਚ ਅਸਲਾ ਲਾਇਸੈਂਸ ਦੀ ਲੋੜ ਹੈ ਜਾਂ ਨਹੀਂ। ਬਹੁਤ ਸਾਰੇ ਲੋਕਾਂ ਨੇ ਬਿਨਾਂ ਕਿਸੇ ਖ਼ਤਰੇ ਦੇ ਦਿਖਾਵੇ ਲਈ ਆਪਣੇ ਹਥਿਆਰਾਂ ਦੇ ਲਾਇਸੈਂਸ ਬਣਵਾਏ ਹੋਏ ਹਨ। ਪੰਜਾਬ 'ਚ ਸਭ ਤੋਂ ਵੱਧ ਹਥਿਆਰਾਂ ਦੇ ਲਾਇਸੈਂਸ ਬਣੇ ਹੋਏ ਹਨ। ਸੂਬੇ 'ਚ ਪਿਛਲੇ ਸਮੇਂ ਦੌਰਾਨ ਵਾਪਰੀਆਂ ਅਪਰਾਧਿਕ ਘਟਨਾਵਾਂ ਦੇ ਮੱਦੇਨਜ਼ਰ ਪੰਜਾਬ ਪੁਲਸ ਹੁਣ ਪੜਤਾਲ ਉਪਰੰਤ ਰਿਪੋਰਟ ਤਿਆਰ ਕਰ ਕੇ ਡੀ. ਜੀ. ਪੀ. ਦਫ਼ਤਰ ਨੂੰ ਭੇਜੇਗੀ। ਜੇ ਕੋਈ ਵਿਅਕਤੀ ਹਥਿਆਰਾਂ ਨਾਲ ਆਪਣੀ ਫੋਟੋ ਸੋਸ਼ਲ ਮੀਡੀਆ ’ਤੇ ਅਪਲੋਡ ਕਰਦਾ ਹੈ ਤਾਂ ਉਸ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita