ਪੰਜਾਬ ਦੀਆਂ ਜੰਗਲਾਤ ਬੀੜਾਂ ''ਚੋਂ ਸੁੱਕੇ ਦਰੱਖਤ ਕੱਟਣ ਦੀ ਕੌਮੀ ਗਰੀਨ ਟ੍ਰਿਬਿਊਨਲ ਤੋਂ ਮਿਲੀ ਮਨਜ਼ੂਰੀ

01/18/2018 6:56:40 AM

ਨਾਭਾ  (ਜੈਨ) - ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਪੰਜਾਬ ਦੀਆਂ ਜੰਗਲਾਤ ਬੀੜਾਂ ਅਤੇ ਜੰਗਲਾਤ ਜ਼ਮੀਨਾਂ 'ਚ ਖੜ੍ਹੇ ਸੁੱਕੇ ਦਰੱਖਤਾਂ ਨੂੰ ਕੱਟਣ ਲਈ ਕੌਮੀ ਗਰੀਨ ਟ੍ਰਿਬਿਊਨਲ (ਐੱਨ. ਜੀ. ਸੀ.) ਤੋਂ ਮਨਜ਼ੂਰੀ ਮਿਲ ਗਈ ਹੈ, ਜਿਸ ਨਾਲ ਕਰੋੜਾਂ ਰੁਪਇਆਂ ਦੀ ਆਮਦਨ ਹੋਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਵਜ਼ੀਰਾਂ ਨੇ ਵਿਭਾਗ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਾਇਆ, ਜਿਨ੍ਹਾਂ ਨੇ ਗ੍ਰਾਂਟਾਂ ਖਾਧੀਆਂ ਅਤੇ ਵਿਭਾਗ ਦੀ ਲੱਕੜ ਚੋਰੀ ਕੀਤੀ। ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਸਖਤ ਕਾਰਵਾਈ ਹੋਵੇਗੀ।
ਮੰਤਰੀ ਨੇ ਦੱਸਿਆ ਕਿ ਨਾਭਾ ਹਲਕੇ ਦੀਆਂ ਜੰਗਲਾਤ ਬੀੜਾਂ ਦੁਆਲੇ 5 ਕਰੋੜ ਰੁਪਏ ਦੀ ਲਾਗਤ ਨਾਲ ਤਾਰ ਲਾਈ ਜਾ ਰਹੀ ਹੈ ਅਤੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਖਾਲੀ ਥਾਵਾਂ 'ਤੇ ਬੂਟੇ ਲਾਏ ਜਾ ਰਹੇ ਹਨ, ਤਾਂ ਜੋ ਸ਼ੁੱਧ ਹਵਾ ਮਿਲ ਸਕੇ। ਧਰਮਸੌਤ ਨੇ ਬੀੜ ਅੰਨ੍ਹੀਆਂ ਢੇਰੀਆਂ ਵਿਚ ਪ੍ਰਸਤਾਵਿਤ ਵਣ ਚੇਤਨਾ ਪਾਰਕ ਦਾ ਨਕਸ਼ਾ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਵਣ ਵਿਭਾਗ ਵੱਲੋਂ ਯਤਨ ਕੀਤੇ ਜਾ ਰਹੇ ਹਨ ਕਿ ਥਾਂ-ਥਾਂ ਪਾਰਕ ਬਣਾ ਕੇ ਰੰਗੀਨ ਲਾਈਟਾਂ ਲਾਈਆਂ ਜਾਣ।
ਇਸ ਮੌਕੇ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਤੇ ਸਾਬਕਾ ਕੌਂਸਲ ਪ੍ਰਧਾਨ ਪਵਨ ਕੁਮਾਰ ਗਰਗ, ਟਰੱਕ ਯੂਨੀਅਨ ਪ੍ਰਧਾਨ ਜਗਜੀਤ ਸਿੰਘ ਦੁਲੱਦੀ, ਹੇਮੰਤ ਬਾਂਸਲ (ਬੱਲੂ), ਅਮਰਦੀਪ ਸਿੰਘ ਖੰਨਾ, ਗੌਤਮ ਬਾਤਿਸ਼ ਸਾਬਕਾ ਕੌਂਸਲ ਪ੍ਰਧਾਨ, ਸ਼ਾਂਤੀ ਪ੍ਰਕਾਸ਼ ਛਾਬੜਾ ਜਨਰਲ ਸਕੱਤਰ ਜ਼ਿਲਾ ਕਾਂਗਰਸ, ਪੰਕਜ ਭਾਰਦਵਾਜ, ਪੁਨੀਤ ਭਾਰਦਵਾਜ, ਸ਼੍ਰੀਮਤੀ ਰੀਨਾ ਬਾਂਸਲ ਪ੍ਰਧਾਨ ਬਲਾਕ ਮਹਿਲਾ ਕਾਂਗਰਸ, ਗੁਰਜੰਟ ਸਿੰਘ ਦੁਲੱਦੀ, ਜਗਦੀਸ਼ ਮੱਗੋ ਪ੍ਰਧਾਨ ਉਤਸਵ ਸੰਮਤੀ ਤੇ ਚਰਨਜੀਤ ਬਾਤਿਸ਼ ਪੀ. ਏ. ਆਦਿ ਹਾਜ਼ਰ ਸਨ।