ਸਿਹਤ ਮੰਤਰੀ ਜੌੜਾਮਾਜਰਾ ਨੇ 8 ਨੌਜਵਾਨਾਂ ਨੂੰ ਪੈਰਾ-ਮੈਡੀਕਲ ਸਟਾਫ ਤਹਿਤ ਦਿੱਤੇ ਨਿਯੁਕਤੀ ਪੱਤਰ

10/21/2022 9:34:51 PM

ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਉਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਵਿੱਚ ਪੈਰਾਮੈਡੀਕਲ ਸਟਾਫ਼ ਅਧੀਨ ਅੱਠ ਨੌਜਵਾਨਾਂ ਨੂੰ ਨਿਯੁਕਤ ਪੱਤਰ ਦਿੱਤੇ ਗਏ। ਨਿਯੁਕਤੀ ਪੱਤਰ ਸੌਂਪਣ ਮਗਰੋਂ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਵਿਭਾਗ 'ਚ ਖਾਲੀ ਅਸਾਮੀਆਂ ਭਰਨ ਦੀ ਪ੍ਰਕਿਰਿਆ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿਮਈ 2022 ਤੋਂ ਹੁਣ ਤੱਕ 880 ਸਟਾਫ ਨਰਸਾਂ ਅਤੇ 87 ਪੈਰਾ ਮੈਡੀਕਲ ਸਟਾਫ ਸਮੇਤ ਕੁੱਲ 967 ਅਸਾਮੀਆਂ ਵਿਰੁੱਧ ਭਰਤੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਹ ਸਮੁੱਚੀਆਂ ਨਿਯੁਕਤੀਆਂ ਲਿਖਤੀ ਪ੍ਰੀਖਿਆ ਲੈਣ ਉਪਰੰਤ ਮੈਰਿਟ ਦੇ ਆਧਾਰ ‘ਤੇ ਪਾਰਦਰਸ਼ੀ ਢੰਗ ਅਪਣਾ ਕੇ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਵੋ : ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ 10 ਜੂਨੀਅਰ ਡਰਾਫਟਸਮੈਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਇਸ ਮੌਕੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਨੇ ਕੌਂਸਲ ਆਫ਼ ਹੋਮੋਪੈਥਿਕ ਸਿਸਟਮ ਆਫ ਮੈਡੀਸਨ ਪੰਜਾਬ ਦੇ ਪੋਰਟਲ ਦਾ ਉਦਘਾਟਨ ਵੀ ਕੀਤਾ। ਜੌੜਾਮਾਜਰਾ ਨੇ ਦੱਸਿਆ ਕਿ  ਇਸ ਸਹੂਲਤ ਨਾਲ ਲੋਕਾਂ ਨੂੰ ਆਨਲਾਈਨ ਸੇਵਾਵਾਂ ਉਪਲਬੱਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਆਨਲਾਈਨ ਪੋਰਟਲ ਸ਼ੁਰੂ ਕਰਨ ਨਾਲ ਸੂਬੇ ਵਿੱਚ ਰਜਿਸਟਰਡ ਹੋਮਿਉਪੈਥਿਕ ਡਾਕਟਰਾਂ ਅਤੇ ਨਵੇਂ ਵਿਦਿਆਰਥੀਆਂ ਨੂੰ ਲਾਭ ਮਿਲੇਗਾ ਅਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਵੀ ਹੋਵੇਗੀ।  ਉਨ੍ਹਾਂ ਦੱਸਿਆ ਕਿ ਆਰਜ਼ੀ ਰਜਿਸਟ੍ਰੇਸ਼ਨ, ਸਥਾਈ ਰਜਿਸਟ੍ਰੇਸ਼ਨ, ਨਵਿਆਉਣ ਅਤੇ ਬਹਾਲੀ ਅਤੇ ਯੋਗਤਾ ਅਤੇ ਰਜਿਸਟ੍ਰੇਸ਼ਨ ਦੀ ਤਸਦੀਕ / ਐਨ.ਓ.ਸੀ. ਲਾਂਚ ਕੀਤੇ ਗਏ ਹਨ। ਇਹ ਸੇਵਾਵਾਂ ਵੈਬਸਾਈਟ https://eservices.punjab.gov.in 'ਤੇ ਉਪਲੱਬਧ ਹਨ ਅਤੇ ਨਾਗਰਿਕ ਸੇਵਾਵਾਂ ਦਾ ਲਾਭ ਲੈਣ ਲਈ ਕਿਸੇ ਵੀ ਨਜ਼ਦੀਕੀ ਸੇਵਾ ਕੇਂਦਰ 'ਤੇ ਵੀ ਜਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਆਮ ਆਦਮੀ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਤਕਨਾਲੋਜੀ ਦੀ ਮਹੱਤਤਾ ਨੂੰ ਨਹੀਂ ਸਮਝਿਆ। ਉਨ੍ਹਾਂ ਨੇ ਆਪਣੇ ਸਾਰੇ ਸਟਾਫ ਨੂੰ ਸੇਵਾ ਪ੍ਰਦਾਨ ਕਰਨ ਦੀ ਬਿਹਤਰੀ ਅਤੇ ਉਤਪਾਦਕਤਾ ਵਧਾਉਣ ਲਈ ਤਕਨਾਲੋਜੀ ਪਲੇਟਫਾਰਮਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਸ੍ਰੀਮਤੀ ਅਲਕਨੰਦਾ ਦਯਾਲ, ਡਾਇਰੈਕਟਰ ਮੈਡੀਕਲ ਸਿੱਖਿਆ ਖੋਜ ਡਾ. ਅਵਨੀਸ਼ ਕੁਮਾਰ, ਚੇਅਰਮੈਨ ਹੋਮੋਪੈਥਿਕ ਕੌਂਸਲ ਡਾ. ਤੇਜਿੰਦਰ ਪਾਲ ਸਿੰਘ, ਸੰਯੁਕਤ ਡਾਇਰੈਕਟਰ ਡਾ. ਅਕਾਸ਼ਦੀਪ ਅਗਰਵਾਲ, ਸੰਯੁਕਤ ਡਾਇਰੈਕਟਰ ਡੈਂਟਲ ਡਾ. ਪੁਨੀਤ ਗਿਰਧਰ, ਡਿਪਟੀ ਡਾਇਰੈਕਟਰ ਜਨਰਲ ਐਨ.ਆਈ.ਸੀ. ਸ੍ਰੀ ਵਿਵੇਕ ਵਰਮਾ ਅਤੇ ਰਜਿਸਟਰਾਰ ਆਯੂਰਵੇਦਾ ਬੋਰਡ ਡਾ. ਸੰਜੀਵ ਗੋਇਲ ਹਾਜ਼ਰ ਸਨ।

ਇਹ ਵੀ ਪੜ੍ਹੋ : ਦੁਖਦਾਈ ਖ਼ਬਰ: 16 ਸਾਲਾ ਬੱਚੇ ਦੀ ਲਿਫ਼ਟ 'ਚ ਫਸਣ ਕਾਰਨ ਹੋਈ ਮੌਤ

Mandeep Singh

This news is Content Editor Mandeep Singh