ਮੈਂ 'ਆਪਣਾ ਪੰਜਾਬ ਪਾਰਟੀ' ਛੱਡ ਕੇ ਕਿਤੇ ਨਹੀਂ ਜਾ ਰਿਹਾ : ਸੁੱਚਾ ਸਿੰਘ ਛੋਟੇਪੁਰ

10/07/2017 4:40:09 PM

ਚੰਡੀਗੜ੍ਹ (ਮਨਮੋਹਨ ਸਿੰਘ) — ਆਪਣਾ ਪੰਜਾਬ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਅੱਜ ਸਾਰੀਆਂ ਅਟਕਲਾਂ 'ਤੇ ਰੋਕ ਲਗਾਉਂਦੇ ਹੋਏ ਦੱਸਿਆ ਕਿ ਉਹ ਗੁਰਦਾਸਪੁਰ ਉਪ ਚੋਣ 'ਚ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰ ਰਹੇ ਤੇ ਉਹ ਲੋਕਾਂ ਨੂੰ ਇਹ ਅਪੀਲ ਕਰਦੇ ਹਨ ਕਿ ਆਪਣੀ ਅਤੰਰਆਤਮਾ ਦੀ ਆਵਾਜ਼ ਸੁਣ ਕੇ ਵੋਟ ਕਿਸੇ ਇਮਾਨਦਾਰ ਵਿਅਕਤੀ ਨੂੰ ਪਾਉਣ। ਅੱਜ ਚੰਡੀਗੜ੍ਹ ਪ੍ਰੈੱਸ ਕਲਬ 'ਚ ਇਕ ਪੱਤਰਕਾਰ ਵਾਰਤਾ ਨੂੰ ਸੰਬੋਧਿਤ ਕਰਦੇ ਹੋਏ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਤੋਂ ਬਹੁਤ ਦੁਖ ਹੋਇਆ ਹੈ ਕਿ ਕੁਝ ਪੱਤਰਕਾਰਾਂ ਨੇ ਇਹ ਗੱਲ ਲਿਖੀ ਇਕ ਸੁੱਚਾ ਸਿੰਘ ਲੰਗਾਹ ਚਲਾ ਗਿਆ ਤਾਂ ਦੂਜਾ ਸੁੱਚਾ ਸਿੰਘ ਸ਼੍ਰੋਮਣੀ ਅਕਾਲੀ ਦਲ ਪਾਰਟੀ 'ਚ ਸ਼ਾਮਲ ਹੋ ਗਿਆ।
ਪੱਤਰਕਾਰਾਂ ਵਲੋਂ ਵਾਰ-ਵਾਰ ਪੁੱਛੇ ਜਾਣ 'ਤੇ ਵੀ ਛੋਟੇਪੁਰ ਨੇ ਇਹ ਨਹੀਂ ਦੱਸਿਆ ਕਿ ਉਹ ਕਿਹੜੀ ਪਾਰਟੀ 'ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਖੁਦ ਕਿਸ ਪਾਰਟੀ ਨੂੰ ਵੋਟ ਪਾਉਣਗੇ ਤਾਂ ਉਨ੍ਹਾਂ ਕਿਹਾ ਕਿ ਮੈਂ ਵੀ ਆਪਣੀ ਅੰਤਰਆਤਮਾ ਦੀ ਆਵਾਜ਼ ਸੁਣ ਕੇ ਵੋਟ ਪਾ ਦੇਵੇਗਾਂ। ਹਾਲਾਕਿ ਉਨ੍ਹਾਂ ਨੇ ਮੰਨਿਆ ਕਿ ਅਕਾਲੀ ਦਲ ਤੇ ਕਾਂਗਰਸ ਦੋਵਾਂ ਦੇ ਨੁਮਾਇੰਦੇ ਉਨ੍ਹਾਂ ਨੂੰ ਮਿਲਣ ਲਈ ਆਏ ਸਨ ਪਰ ਕਿਸੇ ਵੀ ਪਾਰਟੀ 'ਚ ਸ਼ਾਮਲ ਹੋਣ ਦਾ ਉਨ੍ਹਾਂ ਦਾ ਕੋਈ ਵਿਚਾਰ ਨਹੀਂ ਬਣਿਆ। ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਤੇ ਨਾ ਹੀ 'ਆਪ' ਦਾ ਕੋਈ ਪ੍ਰਤੀਨਿਧੀ ਉਨ੍ਹਾਂ ਕੋਲ ਆਇਆ। ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਗੁਰਦਾਸਪੁਰ ਚੋਣਾਂ 'ਚ ਪੈਸੇ ਦਾ ਬੋਲਬਾਲਾ ਹੈ ਤੇ ਸਾਡੀ ਪਾਰਟੀ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਰਿਵਾਇਤੀ ਪਾਰਟੀਆਂ ਨਾਲ ਮੁਕਾਬਲਾ ਕਰ ਸਕੇ। ਛੋਟੇਪੁਰ ਨੇ ਕਿਹਾ ਕਿ ਸਾਲ 2019 ਦੇ ਲੋਕਸਭਾ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਪੂਰੀ ਤਿਆਰੀ ਨਾਲ ਹਿੱਸਾ ਲਵੇਗੀ ਤੇ ਲੋਕਾਂ ਨੂੰ ਉਨ੍ਹਾਂ ਦੀ ਮਨਪੰਸਦ ਸਰਕਾਰ ਬਨਾਉਣ 'ਚ ਮਦਦ ਕਰੇਗੀ। ਛੋਟੇਪੁਰ ਨੇ ਇਹ ਵੀ ਕਿਹਾ ਕਿ ਇਸ ਵਾਰ ਗੁਰਦਾਸਪੁਰ ਉਪ ਚੋਣ 'ਚ ਕਾਂਗਰਸ ਤੇ ਭਾਜਪਾ-ਅਕਾਲੀ ਦਲ 'ਚ ਸਿੱਧਾ ਮੁਕਾਬਲਾ ਹੈ। ਆਮ ਆਦਮੀ ਪਾਰਟੀ ਇਸ ਲੜਾਈ 'ਚ ਦੂਰ-ਦੂਰ ਤਕ ਨਜ਼ਰ ਨਹੀਂ ਆ ਰਹੀ।