ਝੋਨੇ ਦੀ ਖਰੀਦ ਲਈ ਚਾਰ ਮੁੱਖ ਮੰਡੀਆਂ ਤੋਂ ਇਲਾਵਾ 113 ਖਰੀਦ ਕੇਂਦਰ ਸਥਾਪਤ : ਜਾਰੰਗਲ

09/22/2017 12:55:40 AM

ਸ੍ਰੀ ਮੁਕਤਸਰ ਸਾਹਿਬ,  (ਪਵਨ, ਖੁਰਾਣਾ, ਦਰਦੀ)-  ਜ਼ਿਲੇ 'ਚ ਝੋਨੇ ਦੀ ਖਰੀਦ ਲਈ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਤੇ ਬਰੀਵਾਲਾ ਦੀਆਂ ਚਾਰ ਮੁੱਖ ਮੰਡੀਆਂ ਤੋਂ ਇਲਾਵਾ 113 ਹੋਰ ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਆਈ. ਏ. ਐੱਸ. ਨੇ ਅੱਜ ਇਥੇ ਝੋਨੇ ਦੇ ਖਰੀਦ ਪ੍ਰਬੰਧਾਂ ਸਬੰਧੀ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ, ਸ਼ੈਲਰ ਮਾਲਕਾਂ, ਟਰਾਂਸਪੋਟਰਾਂ, ਕੱਚੇ ਆੜ੍ਹਤੀਆਂ ਨਾਲ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। 
ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਆਖਿਆ ਕਿ ਸਰਕਾਰ ਵੱਲੋਂ ਸਖਤ ਹਦਾਇਤਾਂ ਹਨ ਕਿ ਝੋਨੇ ਦੀ ਵਿਕਰੀ ਦੌਰਾਨ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਜ਼ਿਲੇ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜੋ ਕਿਸਾਨ ਸੁੱਕੀ ਤੇ ਸਾਫ ਸੁਥਰੀ ਫਸਲ ਮੰਡੀ ਲਿਆਵੇਗਾ, ਸਰਕਾਰ ਵੱਲੋਂ ਉਸ ਦੀ ਤੁਰੰਤ ਖਰੀਦ ਯਕੀਨੀ ਬਣਾਈ ਜਾਵੇਗੀ ਪਰ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਸੁੱਕੇ ਝੋਨੇ ਦੀ ਹੀ ਕਟਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਮੰਡੀਆਂ ਵਿਚ ਨਹੀਂ ਆਉਣ ਦਿੱਤਾ ਜਾਵੇਗਾ। ਉਨ੍ਹਾਂ ਜ਼ਿਲਾ ਮੰਡੀ ਅਫਸਰ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿਚ ਸਫਾਈ, ਰੋਸ਼ਨੀ ਤੇ ਪਾਣੀ ਦੇ ਪ੍ਰ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਆੜ੍ਹਤੀਆਂ ਨੂੰ ਤਰਪਾਲਾ, ਪੱਖੇ ਆਦਿ ਦੇ ਪ੍ਰਬੰਧ ਕਰਨ ਲਈ ਕਿਹਾ।