ਤੰਬਾਕੂ ਵਿਰੋਧੀ ਮੁਹਿੰਮ : 18 ਮਹੀਨਿਆਂ ''ਚ ਕੀਤੇ 1461 ਚਲਾਨ

07/16/2019 9:19:39 PM

ਮੋਹਾਲੀ,(ਰਾਣਾ, ਨਿਆਮੀਆਂ): ਤੰਬਾਕੂ ਰੋਕਥਾਮ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਜ਼ਿਲਾ ਸਿਹਤ ਵਿਭਾਗ ਨੇ ਪਿਛਲੇ 18 ਮਹੀਨਿਆਂ ਦੌਰਾਨ 1461 ਚਲਾਨ ਕੀਤੇ ਹਨ ਅਤੇ 1,97,540 ਰੁਪਏ ਜੁਰਮਾਨੇ ਵਜੋਂ ਇਕੱਠੇ ਕੀਤੇ ਹਨ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਿਗਰਟ ਅਤੇ ਹੋਰ ਤੰਬਾਕੂ ਪਦਾਰਥ ਰੋਕਥਾਮ ਕਾਨੂੰਨ (ਕੋਟਪਾ) ਦੀਆਂ ਵੱਖ-ਵੱਖ ਧਾਰਾਵਾਂ ਹੇਠ ਜਨਵਰੀ 2018 ਤੋਂ ਜੂਨ 2019 ਤਕ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦਾ ਜ਼ਿਲਾ ਤੰਬਾਕੂ ਵਿਰੋਧੀ ਸੈੱਲ ਜਿਥੇ ਚਲਾਨ ਅਤੇ ਜੁਰਮਾਨੇ ਦੀ ਕਾਰਵਾਈ ਕਰ ਰਿਹਾ ਹੈ, ਉਥੇ ਹੀ ਨਾਲੋ-ਨਾਲ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਦੇ ਨੁਕਸਾਨਾਂ ਅਤੇ ਤੰਬਾਕੂ ਵਿਰੋਧੀ ਕਾਨੂੰਨ ਬਾਰੇ ਵੀ ਜਾਗਰੂਕ ਕਰ ਰਿਹਾ ਹੈ। ਇਹ ਕਾਰਵਾਈ ਜ਼ਿਲੇ ਵਿਚ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਕਰਨ ਵਾਲਿਆਂ, ਕੋਟਪਾ ਦੀ ਉਲੰਘਣਾ ਕਰਦਿਆਂ ਤੰਬਾਕੂ ਪਦਾਰਥ ਵੇਚਣ ਵਾਲੇ ਦੁਕਾਨਦਾਰਾਂ ਤੇ ਰੇਹੜੀ-ਫੜ੍ਹੀ ਵਾਲਿਆਂ ਵਿਰੁੱਧ ਕੀਤੀ ਗਈ ਹੈ।

ਅਚਨਚੇਤ ਮਾਰੇ ਗਏ ਛਾਪਿਆਂ ਦੌਰਾਨ ਵੇਖਿਆ ਗਿਆ ਕਿ ਕਈ ਕਰਿਆਨਾ ਦੁਕਾਨਾਂ 'ਤੇ ਤੰਬਾਕੂ ਪਦਾਰਥ ਵੇਚੇ ਜਾ ਰਹੇ ਸਨ, ਜੋ ਕਾਨੂੰਨ ਦੀ ਉਲੰਘਣਾ ਹੈ। ਇਸ ਤੋਂ ਇਲਾਵਾ ਕੁਝ ਥਾਈਂ ਚਿਤਾਵਨੀ ਰਹਿਤ ਇੰਪੋਰਟਡ ਸਿਗਰਟਾਂ, ਖ਼ੁਸ਼ਬੂਦਾਰ ਤੰਬਾਕੂ ਪਦਾਰਥ ਅਤੇ ਖੁੱਲ੍ਹੀਆਂ ਸਿਗਰਟਾਂ ਵੇਚੀਆਂ ਜਾ ਰਹੀਆਂ ਸਨ। ਭਾਰੀ ਮਾਤਰਾ ਵਿਚ ਪਾਬੰਦੀਸ਼ੁਦਾ ਤੰਬਾਕੂ ਪਦਾਰਥਾਂ ਨੂੰ ਮੌਕੇ 'ਤੇ ਹੀ ਨਸ਼ਟ ਕੀਤਾ ਗਿਆ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਵੀ ਵੱਖ-ਵੱਖ ਮੈਚਾਂ ਦੌਰਾਨ ਜਨਤਕ ਥਾਂ 'ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਗਈ। ਇਹ ਛਾਪੇ ਲੀਗਲ ਮੈਟਰੋਲੋਜੀ ਅਤੇ ਪੁਲਸ ਵਿਭਾਗਾਂ ਦੇ ਸਹਿਯੋਗ ਨਾਲ ਮਾਰੇ ਗਏ।

ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਯਤਨਾਂ ਸਦਕਾ ਜ਼ਿਲੇ ਵਿਚ 13 ਪਿੰਡ 'ਤੰਬਾਕੂ ਮੁਕਤ' ਐਲਾਨੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਆਪੋ-ਆਪਣੇ ਪੱਧਰ 'ਤੇ ਮਤੇ ਪਾਸ ਕਰ ਕੇ ਤੰਬਾਕੂ ਰੋਕਥਾਮ ਦੀ ਦਿਸ਼ਾ ਵਿਚ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਜ਼ਿਲਾ ਤੰਬਾਕੂ ਸੈੱਲ ਦੇ ਨੋਡਲ ਅਫ਼ਸਰ ਡਾ. ਆਰ. ਪੀ. ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਤਿੰਨੇ ਸਿਹਤ ਬਲਾਕਾਂ ਘੜੂੰਆਂ, ਬੂਥਗੜ੍ਹ ਅਤੇ ਡੇਰਾਬੱਸੀ ਵਿਚ ਚਲਾਨ ਅਤੇ ਜੁਰਮਾਨੇ ਦੀ ਕਾਰਵਾਈ ਤੋਂ ਇਲਾਵਾ ਜਾਗਰੂਕਤਾ ਗਤੀਵਿਧੀਆਂ ਵੀ ਨਾਲੋ-ਨਾਲ ਚੱਲ ਰਹੀਆਂ ਹਨ। ਇਸ ਸਾਲ ਮਈ ਮਹੀਨੇ ਨੂੰ ਤੰਬਾਕੂ ਵਿਰੋਧੀ ਮਹੀਨੇ ਵਜੋਂ ਮਨਾਇਆ ਗਿਆ, ਜਿਸ ਦੌਰਾਨ ਜ਼ਿਲੇ ਦੇ 55 ਸਕੂਲਾਂ ਤੇ ਕਾਲਜਾਂ ਵਿਚ ਸੈਮੀਨਾਰ, ਸਵਾਲ-ਜਵਾਬ ਮੁਕਾਬਲੇ, ਰੈਲੀਆਂ ਅਤੇ ਡਰਾਇੰਗ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਮੋਹਾਲੀ ਦੇ ਸੈਕਟਰ-66 ਦੇ ਨਸ਼ਾ-ਛੁਡਾਊ ਕੇਂਦਰ ਅਤੇ ਜ਼ਿਲਾ ਹਸਪਤਾਲ ਵਿਖੇ ਤੰਬਾਕੂ ਰੋਕਥਾਮ ਕੇਂਦਰ ਸਫ਼ਲਤਾ ਨਾਲ ਚੱਲ ਰਹੇ ਹਨ, ਜਿਥੇ ਤੰਬਾਕੂ ਛੱਡਣ ਦਾ ਚਾਹਵਾਨ ਕੋਈ ਵੀ ਵਿਅਕਤੀ ਜਾ ਕੇ ਅਪਣਾ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਕਾਨੂੰਨ ਦੇ ਘੇਰੇ ਵਿਚ ਰਹਿ ਕੇ ਤੰਬਾਕੂ ਪਦਾਰਥਾਂ ਦੀ ਵਿਕਰੀ ਕਰਨ। ਜ਼ਿਲੇ ਵਿਚ ਤੰਬਾਕੂ ਵਿਰੋਧੀ ਮੁਹਿੰਮ ਪਹਿਲਾਂ ਵਾਂਗ ਜਾਰੀ ਰਹੇਗੀ।