15 ਲੱਖ ਦੀ ਡਕੈਤੀ ਕਰਨ ਵਾਲਾ ਪਿਸਟਲ ਸਣੇ ਗ੍ਰਿਫਤਾਰ

12/24/2018 1:26:00 PM

ਸੰਗਰੂਰ (ਬੇਦੀ, ਯਾਦਵਿੰਦਰ, ਜਨੂਹਾ, ਬਾਵਾ, ਹਰਜਿੰਦਰ) : ਐਂਟੀ ਨਰਕੋਟਿਕ ਸੈੱਲ ਦੀ ਟੀਮ ਵੱਲੋਂ ਸ਼ਹਿਰ ਟੋਹਾਣਾ ਜ਼ਿਲਾ ਫਤਿਆਬਾਦ ਵਿਖੇ 11 ਦਸੰਬਰ 2018 ਨੂੰ ਹੋਈ 15 ਲੱਖ ਦੀ ਡਕੈਤੀ ਦੇ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਪਿਸਟਲ ਅਤੇ ਲੁੱਟੇ ਪੈਸਿਆਂ 'ਚੋਂ 6 ਲੱਖ 28 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਇਸ ਸਬੰਧੀ ਪੁਲਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਸੰਗਰੂਰ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਹਰਿਆਣਾ ਦੇ ਸ਼ਹਿਰ ਟੋਹਾਣਾ ਵਿਖੇ ਹੋਈ 15 ਲੱਖ ਦੇ ਡਕੈਤੀ ਦੇ ਦੋਸ਼ੀ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਇਸ ਡਕੈਤੀ ਸਬੰਧੀ ਅਸਲਾ ਐਕਟ ਤਹਿਤ 12 ਦਸੰਬਰ 2018 ਨੂੰ ਥਾਣਾ ਸਿਟੀ ਟੋਹਾਣਾ 'ਚ ਮਾਮਲਾ ਦਰਜ ਹੋਇਆ ਸੀ। 
ਗਰਗ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਹਰਦੀਪ ਸਿੰਘ ਦੀ ਟੀਮ ਨੇ ਦੋਸ਼ੀ ਕੁਲਵਿੰਦਰ ਸਿੰਘ ਉਰਫ਼ ਬੁੱਬਾ ਪੁੱਤਰ ਨਰੈਣ ਸਿੰਘ ਵਾਸੀ ਪਿੰਡ ਘਾਬਦਾਂ ਥਾਣਾ ਸਦਰ ਨੂੰ ਐਤਵਾਰ ਨੂੰ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਉਹ ਕੋਈ ਹੋਰ ਵਾਰਦਾਤ ਕਰਨ ਦੀ ਫਿਰਾਕ ਵਿਚ ਪਿੰਡ ਚੱਠਾ ਨਨਹੇੜਾ ਥਾਣਾ ਛਾਂਜਲੀ ਵਾਲੇ ਪਾਸੇ ਤੋਂ ਲੁਕ ਛਿਪ ਕੇ ਸੁਨਾਮ ਵੱਲ ਜਾ ਰਿਹਾ ਸੀ, ਉਸ ਪਾਸੋਂ ਟੋਹਾਣਾ ਵਿਖੇ ਡਕੈਤੀ ਦੀ ਵਾਰਦਾਤ ਸਮੇਂ ਵਰਤਿਆ ਇਕ ਨਾਜਾਇਜ਼ ਪਿਸਟਲ 32 ਬੋਰ ਸਮੇਤ 3 ਰੌਂਦ ਜਿੰਦਾ 32 ਬੋਰ, ਲੁੱਟੇ ਪੈਸਿਆਂ ਵਿਚੋਂ 6 ਲੱਖ 28 ਹਜ਼ਾਰ ਰੁਪਏ ਅਤੇ ਵਾਰਦਾਤ ਸਮੇਂ ਵਰਤੀ ਓਪਟਰਾ ਕਾਰ ਵੀ ਬਰਾਮਦ ਕੀਤੀ ਗਈ ਹੈ, ਜਿਸ ਸਬੰਧੀ ਅਸਲਾ ਐਕਟ ਤਹਿਤ ਮਾਮਲਾ ਸੁਨਾਮ ਵਿਖੇ ਦਰਜ ਕੀਤਾ ਗਿਆ। ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।