‘ਕੋਰੋਨਾ’ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ

05/06/2021 2:41:04 PM

ਲੌਂਗੋਵਾਲ (ਵਸ਼ਿਸ਼ਟ) : ਕੋਰੋਨਾ ਦੀ ਭਿਆਨਕ ਬੀਮਾਰੀ ਨੇ ਅੱਜ ਇਥੋਂ ਦੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ ਪੱਤੀ ਰੰਧਾਵਾ ਦਾ ਵਸਨੀਕ ਅਤੇ ਸਰਾਭਾ ਕਲੱਬ ਦਾ ਸਰਗਰਮ ਆਗੂ ਪਰਮਜੀਤ ਸਿੰਘ ਪੰਮਾ ਰੰਧਾਵਾ (42) ਜੋ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਤੋਂ ਪੀੜਤ ਸੀ। ਉਹ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਜੇਰੇ ਇਲਾਜ ਸੀ, ਜਿਸ  ਦੀ ਅੱਜ ਮੌਤ ਹੋ ਗਈ। ਉਕਤ ਨੌਜਵਾਨ ਦੀ  ਬੇਵਕਤੀ ਮੌਤ ’ਤੇ ਪੂਰੇ ਇਲਾਕੇ ਵਿਚ ਸੋਗ ਅਤੇ ਸਹਿਮ ਦਾ ਮਾਹੌਲ ਹੈ। ਪੱਤੀ ਰੰਧਾਵਾ ਵਾਰਡ ਨੰਬਰ 10 ਦੇ ਕੌਂਸਲਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੇਲਾ ਸਿੰਘ ਸੂਬੇਦਾਰ ਨੇ ਕਿਹਾ ਕਿ ਸਾਡੇ ਮਹੱਲੇ ਰੰਧਾਵਾ ਪੱਤੀ ’ਚ ਕੋਰੋਨਾ ਦੀ ਮਾਰ ਕਾਰਨ ਪਿਛਲੇ ਕੁਝ ਦਿਨਾਂ ਦੌਰਾਨ ਇਹ ਪੰਜਵੀਂ ਮੌਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਬਿਮਾਰੀ ਮਜ਼ਾਕ ਨਹੀਂ ਸਮਝਣੀ ਚਾਹੀਦੀ ਸਗੋਂ ਸੰਜੀਦਗੀ ਨਾਲ ਸਰਕਾਰ ਵੱਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ  ਇਸ ਜਾਨਲੇਵਾ ਬੀਮਾਰੀ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦਰਮਿਆਨ ਸ਼ਰਾਬ ਪੀਣ ਵਾਲਿਆਂ ਨੂੰ ਸਖ਼ਤ ਚਿਤਾਵਨੀ

 

ਦੱਸਣਯੋਗ ਹੈ ਕਿ ਕਮਿਊਨਿਟੀ ਹੈਲਥ ਸੈਂਟਰ ਲੌਂਗੋਵਾਲ ਅਧੀਨ ਪੈਂਦੇ ਖੇਤਰ ਵਿੱਚ ਹੁਣ ਤਕ ਕੋਰੋਨਾ ਦੀ ਮਾਰ ਕਾਰਨ 45 ਮੌਤਾਂ ਹੋ ਚੁੱਕੀਆਂ ਹਨ । ਚਿੰਤਾ ਦਾ ਵਿਸ਼ਾ ਇਹ ਹੈ ਕਿ ਇਨ੍ਹਾਂ ਵਿੱਚੋਂ 23 ਮੌਤਾਂ ਪਿਛਲੇ ਸਿਰਫ਼ 10 ਦਿਨਾਂ ਦੌਰਾਨ ਹੋਈਆਂ ਹਨ ਅਤੇ 73 ਕੋਰੋਨਾ ਪੀੜਤ  ਇਲਾਜ ਅਧੀਨ ਹਨ। ਦੱਸ ਦਈਏ ਕਿ ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਬੁੱਧਵਾਰ ਨੂੰ 182 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 8015 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 9825 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 4,07,509 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 3,34,677 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 63,007 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ। 

ਇਹ ਵੀ ਪੜ੍ਹੋ :  ਮੋਹਾਲੀ : ਕੋਰੋਨਾ ਦੇ ਵੱਧ ਰਹੇ ਕੇਸਾਂ ਦਰਮਿਆਨ ਸਿਵਲ ਸਰਜਨ ਦੀ ਲੋਕਾਂ ਨੂੰ ਅਪੀਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor

Related News