ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਦਰਮਿਆਨ ਪੈਦਾ ਹੋਇਆ ਇਕ ਹੋਰ ਸੰਕਟ, ਵੱਜੀ ਖਤਰੇ ਦੀ ਘੰਟੀ

01/09/2023 6:41:42 PM

ਪਟਿਆਲਾ : ਇਕ ਪਾਸੇ ਜਿੱਥੇ ਪੰਜਾਬ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ, ਉਥੇ ਹੀ ਸੂਬੇ ਅੰਦਰ ਬਿਜਲੀ ਦੀ ਮੰਗ ਵੀ ਲਗਾਤਾਰ ਵੱਧ ਰਹੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਸਰਦੀ ਦੇ ਮੌਸਮ ’ਚ ਬਿਜਲੀ ਦੀ ਮੰਗ ਅਤੇ ਖਪਤ ਦੇ ਸਾਰੇ ਰਿਕਾਰਡ ਟੁੱਟ ਗਏ ਹਨ। ਦੂਜੇ ਪਾਸੇ ਕੋਲੇ ਦੀ ਢੁਕਵੀਂ ਸਪਲਾਈ ਨਾ ਹੋਣ ਦੇ ਚੱਲਦੇ ਸੂਬੇ ਦਾ ਸਭ ਤੋਂ ਵੱਡਾ ਬਿਜਲੀ ਤਾਪ ਘਰ ਤਲਵੰਡੀ ਸਾਬੋ ਪਾਵਰ ਥਰਮਲ ਪਲਾਂਟ ਵਿਚ ਕੋਲਾ ਸੰਕਟ ਡੂੰਘਾ ਹੋ ਗਿਆ ਹੈ। ਇਸ ਪਲਾਂਟ ਵਿਚ ਸਿਰਫ ਸਾਢੇ 3 ਦਿਨ ਦੇ ਕੋਲੇ ਦਾ ਸਟਾਕ ਬਾਕੀ ਰਹਿ ਗਿਆ ਹੈ। ਉਧਰ ਰਾਹਤ ਦੀ ਗੱਲ ਇਹ ਹੈ ਕਿ ਐਤਵਾਰ ਸਵੇਰੇ ਰੋਪੜ (210 ਮੇਗਾਵਾਟ) ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ (660 ਮੇਗਾਵਾਟ) ਬਿਜਲੀ ਪੈਦਾ ਕਰਨ ਵਾਲਾ ਯੂਨਿਟ ਚਾਲੂ ਕਰ ਦਿੱਤਾ ਗਿਆ ਹੈ। ਦੋ ਦਿਨ ਪਹਿਲਾਂ ਤਕਨੀਕੀ ਖਰਾਬੀ ਹੋਣ ਕਾਰਣ ਇਹ ਦੋਵੇਂ ਪਲਾਂਟ ਬੰਦ ਹੋ ਗਏ ਸਨ। ਇਸ ਕਾਰਣ ਬਿਜਲੀ ਸੰਕਟ ਡੂੰਘਾ ਹੋ ਗਿਆ ਸੀ ਪਰ ਇਹ ਸਥਿਤੀ ਅਜੇ ਵੀ ਬਰਕਰਾਕ ਹੈ। ਐਤਵਾਰ ਨੂੰ ਸਾਰੇ ਥਰਮਲ ਪਲਾਂਟਾਂ ਸਮੇਤ ਹੋਰ ਸ੍ਰੋਤਾਂ ਤੋਂ ਕੁੱਲ 5179 ਮੇਗਾਵਾਟ ਬਿਜਲੀ ਪੈਦਾ ਹੋਈ ਅਤੇ ਬਿਜਲੀ ਦੀ ਵੱਧ ਤੋਂ ਵੱਧ ਮੰਗ 8162 ਮੇਗਾਵਾਟ ਦਰਜ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ ’ਚ ਹੱਡ ਚੀਰਵੀਂ ਠੰਡ ਦਾ ਦੌਰ ਜਾਰੀ, ਸੂਬਾ ਸਰਕਾਰ ਵਲੋਂ ਬੱਚਿਆਂ ਦੀਆਂ ਛੁੱਟੀਆਂ ’ਚ ਵਾਧਾ

ਇਸ ਤੋਂ ਇਲਾਵਾ ਬਾਕੀ ਬਿਜਲੀ ਦੀ ਅਪੂਰਤੀ ਕੇਂਦਰੀ ਸਮਝੌਤੇ ਦੇ ਤਹਿਤ ਸੈਂਟਰਲ ਪੂਲ ਤੋਂ ਲੈ ਕੇ ਕੰਮ ਚਲਾਇਆ ਗਿਆ। ਪੀ. ਐੱਸ. ਪੀ. ਸੀ. ਐੱਲ. ਦੇ ਇਕ ਅਧਿਕਾਰੀ ਮੁਤਾਬਕ ਥਰਮਲ ਪਲਾਂਟ ਕੋਲੇ ਦਾ ਪੂਰਾ ਸਟਾਕ ਹੋਣ ’ਤੇ ਹੀ ਪੂਰੀ ਸਮਰੱਥਾ ਨਾਲ ਚੱਲ ਕੇ ਸੰਤੁਸ਼ਟੀਜਨਕ ਬਿਜਲੀ ਪੈਦਾ ਕਰ ਸਕਦੇ ਹਨ। ਅੱਗੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਰਿਕਾਰਡ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਨੂੰ ਹੁਣ ਤੋਂ ਹੀ ਤਿਆਰੀ ਕਰਨੀ ਹੋਵੇਗੀ ਅਤੇ ਇਸ ਲਈ ਸਭ ਤੋਂ ਜ਼ਰੂਰੀ ਹੈ ਕੋਲਾ ਹੋਣਾ। ਜੇ ਸੂਬੇ ਦੇ ਥਰਮਲ ਪਲਾਂਟ ਇੰਝ ਹੀ ਕੋਲੇ ਦੀ ਘਾਟ ਨਾਲ ਜੂਝਦੇ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ। 

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ, ਸਕੂਲਾਂ ਲਈ ਜਾਰੀ ਕੀਤੇ ਨਵੇਂ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh