ਐਨੀਮਲ ਸਾਇੰਸਜ਼ ਯੂਨੀਵਰਸਿਟੀ ਅਤੇ ਪੀ. ਏ. ਯੂ. ਪੰਜਾਬ ਦੇ ਕਿਸਾਨ ਭਾਈਚਾਰੇ ਲਈ ਦੋ ਮਜ਼ਬੂਤ ਥੰਮ੍ਹ : ਬਾਦਲ

09/23/2017 11:13:28 AM


ਲੁਧਿਆਣਾ (ਸਲੂਜਾ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਅਤੇ ਪੀ. ਏ. ਯੂ. ਪੰਜਾਬ ਦੇ ਕਿਸਾਨੀ ਭਾਈਚਾਰੇ ਲਈ ਦੋ ਮਜ਼ਬੂਤ ਥੰਮ੍ਹ ਹਨ। ਇਹ ਵਿਚਾਰ ਮਨਪ੍ਰੀਤ ਸਿੰਘ ਬਾਦਲ, ਵਿੱਤ ਮੰਤਰੀ ਪੰਜਾਬ ਸਰਕਾਰ ਨੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ 23ਵੇਂ ਪਸ਼ੂ ਪਾਲਣ ਮੇਲੇ ਦਾ ਉਦਘਾਟਨ ਕਰਦਿਆਂ ਜ਼ਾਹਿਰ ਕੀਤੇ।
 ਉਨ੍ਹਾਂ ਕਿਹਾ ਕਿ ਦੋਵਾਂ ਅਦਾਰਿਆਂ ਦੇ ਸਾਂਝੇ ਯਤਨਾਂ ਅਤੇ ਸ਼ਕਤੀ ਨਾਲ ਪੰਜਾਬ ਦੀ ਕਿਸਮਤ ਬਦਲੀ ਜਾ ਸਕਦੀ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਅਤੇ ਆਏ ਹੋਏ ਲੋਕਾਂ ਨੂੰ ਪ੍ਰੇਰਿਆ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿੱਦਿਆ ਦਿਵਾਓ ਕਿਉਂਕਿ ਵਿੱਦਿਆ ਹੀ ਕਿਸੇ ਮੁਲਕ ਦੀ ਸ਼ਕਤੀ ਦਾ ਕੇਂਦਰ ਬਣਦੀ ਹੈ। ਡਾ. ਬਲਦੇਵ ਸਿੰਘ ਢਿੱਲੋਂ, ਉਪ-ਕੁਲਪਤੀ, ਪੀ. ਏ. ਯੂ. ਸਮਾਗਮ ਦੇ ਪਤਵੰਤੇ ਮਹਿਮਾਨ ਵਜੋਂ ਪਧਾਰੇ।
 ਡਾ. ਅਮਰਜੀਤ ਸਿੰਘ ਨੰਦਾ, ਉਪ-ਕੁਲਪਤੀ, ਵੈਟਰਨਰੀ ਯੂਨੀਵਰਸਿਟੀ ਨੇ ਕਿਹਾ ਕਿ ਖੇਤੀ ਵਿਭਿੰਨਤਾ ਲਿਆਉਣ ਲਈ ਪਸ਼ੂ ਪਾਲਣ ਕਿੱਤੇ ਸਾਡੇ ਕੋਲ ਸਭ ਤੋਂ ਵਧੀਆ ਰਾਹ ਹਨ। ਇਨ੍ਹਾਂ ਕਿੱਤਿਆਂ ਵਿਚ ਵੱਡੀਆਂ ਸੰਭਾਵਨਾਵਾਂ ਲੁਕੀਆਂ ਹੋਈਆਂ ਹਨ। ਇਨ੍ਹਾਂ ਵਿਚ ਹੋਰ ਮੁਹਾਰਤ ਹਾਸਲ ਕਰਨਾ ਇਸ ਵੇਲੇ ਵਕਤ ਦੀ ਲੋੜ ਹੈ।
ਇਸ ਮੇਲੇ 'ਚ ਪਸਾਰ ਸਿੱਖਿਆ ਵਿਭਾਗ ਵੱਲੋਂ 'ਪਸ਼ੂਆਂ ਲਈ ਟੀਕਾਕਰਨ ਕੈਲੰਡਰ', 'ਮਲ੍ਹੱਪ ਰਹਿਤ ਕਰਨ ਲਈ ਵਿਧੀ ਕੈਲੰਡਰ' ਅਤੇ 'ਬੱਕਰੀਆਂ ਦੇ ਪ੍ਰਜਨਣ ਪ੍ਰਬੰਧ ਸਬੰਧੀ ਕੈਲੰਡਰ' ਜਾਰੀ ਕੀਤੇ ਗਏ। ਮੇਲੇ ਸਬੰਧੀ ਦੱਸਦਿਆਂ ਡਾ. ਹਰੀਸ਼ ਕੁਮਾਰ ਵਰਮਾ, ਨਿਰਦੇਸ਼ਕ ਪਸਾਰ ਸਿੱਖਿਆ ਨੇ ਜਾਣਕਾਰੀ ਦਿੱਤੀ ਕਿ ਕਾਫੀ ਵੱਡੀ ਗਿਣਤੀ 'ਚ ਲੋਕ ਡੇਅਰੀ ਫਾਰਮਿੰਗ, ਬੱਕਰੀ, ਸੂਰ ਤੇ ਮੱਛੀਆਂ ਪਾਲਣ ਦੇ ਧੰਦੇ ਅਪਨਾਉਣ ਦੇ ਖਾਹਿਸ਼ਮੰਦ ਦਿਸੇ। ਯੂਨੀਵਰਸਿਟੀ ਦੇ ਵੈਟਰਨਰੀ ਕਾਲਜ ਦੇ ਵਿਭਿੰਨ ਵਿਭਾਗਾਂ ਨੇ ਪਸ਼ੂ ਪਾਲਕਾਂ ਦੇ ਫਾਇਦੇ ਹਿੱਤ ਪਸ਼ੂਆਂ ਨੂੰ ਹੋਣ ਵਾਲੇ ਰੋਗਾਂ ਅਤੇ ਮੁਸ਼ਕਿਲਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਯੂਨੀਵਰਸਿਟੀ ਦੇ ਫਿਸ਼ਰੀਜ਼ ਕਾਲਜ ਨੇ ਜਿੱਥੇ ਕਾਰਪ ਮੱਛੀਆਂ ਅਤੇ ਸਜਾਵਟੀ ਮੱਛੀਆਂ ਦਾ ਪ੍ਰਦਰਸ਼ਨ ਕੀਤਾ, ਉਥੇ ਉਨ੍ਹਾਂ ਨੇ ਖਾਰੇ ਪਾਣੀ ਵਿਚ ਮੱਛੀ ਪਾਲਣ ਸਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ।