ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਦੇ ਅਧਿਕਾਰੀਆਂ ਦੇ ਰਵੱਈਏ ਤੋਂ ਨਾਰਾਜ਼ ਲੰਗਰ ਕਮੇਟੀਆਂ ਨੇ ਦਿੱਤੀ ਇਹ ਚਿਤਾਵਨੀ

05/26/2022 8:13:16 PM

ਜਲੰਧਰ (ਵਿਸ਼ੇਸ਼) : ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਦੇ ਅਧਿਕਾਰੀਆਂ ਅਤੇ ਲੰਗਰ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਦੌਰਾਨ ਬੋਰਡ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਕਥਿਤ ਦੁਰਵਿਵਹਾਰ ਤੋਂ ਬਾਅਦ ਲੰਗਰ ਕਮੇਟੀਆਂ ਦੇ ਅਧਿਕਾਰੀ ਬੋਰਡ ਦੇ ਰਵੱਈਏ ਤੋਂ ਨਾਰਾਜ਼ ਹਨ ਅਤੇ ਸ਼੍ਰੀ ਅਮਰਨਾਥ ਯਾਤਰਾ ਮਾਰਗ ’ਤੇ ਇਸ ਸਾਲ ਲੰਗਰ ਨਾ ਲਗਾਉਣ ਦਾ ਫ਼ੈਸਲਾ ਕਰ ਸਕਦੇ ਹਨ। ਇਸ ਸਬੰਧੀ ਲੰਗਰ ਕਮੇਟੀਆਂ ਨੇ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਅਤੇ ਇਹ ਕਮੇਟੀ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਦੀ ਅਗਲੀ ਰਣਨੀਤੀ ਤੈਅ ਕਰੇਗੀ ਅਤੇ ਮੰਗਾਂ ਨਾ ਮੰਨਣ ਦੀ ਸੂਰਤ ’ਚ ਬੋਰਡ ਖ਼ਿਲਾਫ਼ ਅੰਦੋਲਨ ਕੀਤਾ ਜਾਵੇਗਾ। ਸ਼੍ਰੀ ਅਮਰਨਾਥ ਯਾਤਰਾ ਭੰਡਾਰਾ ਆਰਗੇਨਾਈਜ਼ੇਸ਼ਨ ਸਾਯਬੋ ਦੇ ਪ੍ਰਧਾਨ ਰਾਜਨ ਕਪੂਰ ਨੇ ਕਿਹਾ ਕਿ ਸਾਯਬੋ ਤੇ ਸੈਬਲੋ ਯਾਤਰਾ ਰੂਟ ’ਤੇ ਲਗਾਏ ਜਾਣ ਵਾਲੇ 115 ਭੰਡਾਰਿਆਂ ਦੀ ਅਗਵਾਈ ਕਰਦੇ ਹਨ ਅਤੇ ਇਨ੍ਹਾਂ ਦੋਹਾਂ ਸੰਗਠਨਾਂ ਦੀ ਮੀਟਿੰਗ ’ਚ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਦੇ  ਅਧਿਕਾਰੀਆਂ ਵੱਲੋਂ ਅਪਣਾਏ ਗਏ ਤਾਨਾਸ਼ਾਹੀ, ਨਫਰਤ ਭਰੇ, ਅਨੈਤਿਕ ਅਤੇ ਅਣਮਨੁੱਖੀ ਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ’ਚ ਸ਼੍ਰਾਈਨ ਬੋਰਡ ਦੇ ਸੀ. ਈ. ਓ. ਨਿਤੀਸ਼ ਕੁਮਾਰ ਅਤੇ ਓ. ਐੱਸ. ਡੀ. ਅਨੂਪ ਸੋਨੀ ਨਾਲ ਭੰਡਾਰਾ ਕਮੇਟੀਆਂ ਦੀ ਮੀਟਿੰਗ ਹੋਈ ਸੀ, ਇਹ ਦੋਵੇਂ ਅਧਿਕਾਰੀ ਆਪੋ-ਆਪਣੀ ਮੀਟਿੰਗ ’ਚ ਪਹਿਲਾਂ ਦੇਰੀ ਨਾਲ ਆਏ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਲੰਗਰ ਲਾਉਣ ਵਾਲੇ ਸੰਗਠਨਾਂ ਨੂੰ ਡਰਾਉਣਾ-ਧਮਕਾਉਣਾ ਤੇ ਚਿਤਾਵਨੀ ਦੇਣੀ ਸ਼ੁਰੂ ਕਰ ਦਿੱਤੀ। 2019 ’ਚ ਅਨੂਪ ਸੋਨੀ ਵੱਲੋਂ ਸ਼੍ਰਾਈਨ ਬੋਰਡ ’ਚ ਸ਼ਾਮਲ ਹੋਣ  ਤੋਂ ਬਾਅਦ ਹੀ ਉਨ੍ਹਾਂ ਦਾ ਵਿਵਹਾਰ ਭੰਡਾਰਾ ਕਮੇਟੀਆਂ ਪ੍ਰਤੀ ਨਕਾਰਾਤਮਕ ਰਿਹਾ ਹੈ।

ਇਹ ਵੀ ਪੜ੍ਹੋ : ਦੁੱਧ ਉਤਪਾਦਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਮੁੜ ਵਧਾਈਆਂ ਖ਼ਰੀਦ ਕੀਮਤਾਂ

ਉਨ੍ਹਾਂ ਕਿਹਾ ਕਿ ਲੰਗਰ ਲਾਉਣ ਵਾਲੀਆਂ ਸੰਸਥਾਵਾਂ ਦਹਾਕਿਆਂ ਤੋਂ ਸ਼੍ਰੀ ਅਮਰਨਾਥ ਯਾਤਰਾ ਦੇ ਰੂਟ ’ਤੇ ਮੁਫ਼ਤ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ, ਇਸ ਲਈ ਉਨ੍ਹਾਂ ਦੀ ਸ਼ਲਾਘਾ ਕਰਨ ਦੀ ਬਜਾਏ ਅਧਿਕਾਰੀਆਂ ਵੱਲੋਂ ਕੀਤਾ ਜਾ ਰਿਹਾ ਦੁਰਵਿਵਹਾਰ ਅਸਹਿਣਯੋਗ ਹੈ। ਇਸ ਵਤੀਰੇ ਤੋਂ ਲੰਗਰ ਕਮੇਟੀਆਂ ਦੇ ਅਧਿਕਾਰੀ ਦੁਖੀ ਹੋਏ ਹਨ ਕਿਉਂਕਿ ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਬੋਰਡ ਵੱਲੋਂ ਮਨਮਾਨੇ ਢੰਗ ਨਾਲ ਤਿਆਰ ਕੀਤੇ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਸੂਰਤ ’ਚ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਚਿਤਾਵਨੀ ਦੇਣ ਅਤੇ ਲੰਗਰ ਨੂੰ ਹਮੇਸ਼ਾ ਲਈ ਬੰਦ ਕਰਨ ਦੀ ਧਮਕੀ ਦਿੱਤੀ ਗਈ ਹੈ। ਬੋਰਡ ਦਾ ਇਹ ਰਵੱਈਆ ਲੰਗਰ ਕਮੇਟੀਆਂ ਨੂੰ ਨਿਰਾਸ਼ ਕਰਨ ਅਤੇ ਯਾਤਰਾ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਹੈ। ਬੋਰਡ ਦੇ ਇਸ ਰਵੱਈਏ ਖ਼ਿਲਾਫ਼ ਲੰਗਰ ਕਮੇਟੀਆਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਕੇਂਦਰ ਦੇ ਹੋਰ ਮੰਤਰੀਆਂ ਜਾਂ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਨਗੀਆਂ।

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ’ਚ ਚੁਣੇ ਗਏ ਅਰਸ਼ਦੀਪ ਸਿੰਘ ਦੀ ਮੀਤ ਹੇਅਰ ਨੇ ਕੀਤੀ ਹੌਸਲਾ ਅਫ਼ਜ਼ਾਈ

ਇਸ ਮੌਕੇ ਲੰਗਰ ਕਮੇਟੀਆਂ ਦੇ ਪ੍ਰਧਾਨ ਵਿਜੇ ਠਾਕੁਰ ਨੇ ਕਿਹਾ ਕਿ ਯਾਤਰਾ ਰੂਟ ’ਤੇ ਯਾਤਰੀਆਂ ਲਈ ਰਾਤ ਦੇ ਆਰਾਮ ਅਤੇ ਖਾਣ-ਪੀਣ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸ਼੍ਰਾਈਨ ਬੋਰਡ ਦੀ ਸੀ ਪਰ ਇਸ ਕੰਮ ’ਚ ਸ਼੍ਰਾਈਨ ਬੋਰਡ ਨਾਕਾਮ ਰਿਹਾ, ਇਸ ਲਈ ਬੋਰਡ ਦਾ ਇਹ ਕੰਮ ਲੰਗਰ ਸੰਸਥਾਵਾਂ ਕਰ ਰਹੀਆਂ ਹਨ। ਲਿਹਾਜ਼ਾ ਇਸ ਲਈ ਬੋਰਡ ਨੂੰ ਇਨ੍ਹਾਂ ਸੰਸਥਾਵਾਂ ਦੇ ਕੰਮ ਦੀ ਸ਼ਲਾਘਾ ਕਰਨੀ ਚਾਹੀਦੀ ਹੈ, ਉਲਟਾ ਇਹ ਲੰਗਰ ਸੰਸਥਾਵਾਂ ਨੂੰ ਡਰਾ-ਧਮਕਾ ਰਹੇ ਹਨ ਅਤੇ ਅਜਿਹਾ ਉਦੋਂ ਹੋ ਰਿਹਾ ਹੈ, ਜਦੋਂ ਕਸ਼ਮੀਰ ’ਚੋਂ ਧਾਰਾ 370 ਹਟਾ ਦਿੱਤੀ ਗਈ ਹੈ ਅਤੇ ਹਿੰਦੂਵਾਦੀ ਸਰਕਾਰ ਦੇਸ਼ ਦੀ ਨੁਮਾਇੰਦਗੀ ਕਰ ਰਹੀ ਹੈ। ਲੰਗਰ ਕਮੇਟੀਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸ਼੍ਰਾਈਨ ਬੋਰਡ ਦੇ ਅਧਿਕਾਰੀਆਂ ਦੀ ਤਾਨਾਸ਼ਾਹੀ ਦਾ ਨੋਟਿਸ ਲੈਣ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਲੰਗਰ ਕਮੇਟੀਆਂ ’ਤੇ ਲਾਈਆਂ ਜਾ ਰਹੀਆਂ ਮਨਮਾਨੀਆਂ ਸ਼ਰਤਾਂ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਵੀ ਕੀਤੀ ਗਈ ਹੈ ਤਾਂ ਜੋ ਲੰਗਰ ਕਮੇਟੀਆਂ ਸਰਕਾਰ ਨਾਲ ਮਿਲ ਕੇ ਦੋ ਸਾਲਾਂ ਬਾਅਦ ਇਸ ਯਾਤਰਾ ਨੂੰ ਸਫਲ ਬਣਾ ਸਕਣ।


Manoj

Content Editor

Related News