ਆਂਗਣਵਾੜੀ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਸੀ. ਡੀ. ਪੀ. ਓ. ਨੂੰ ਦਿੱਤਾ ਪੱਤਰ

11/14/2017 2:04:11 AM

ਟਾਂਡਾ ਉੜਮੁੜ/ਜਾਜਾ, (ਪੰਡਿਤ, ਮੋਮੀ, ਸ਼ਰਮਾ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਟਾਂਡਾ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੀ. ਡੀ. ਪੀ. ਓ. ਦਫਤਰ ਵਿਚ ਜਾ ਕੇ ਆਵਾਜ਼ ਬੁਲੰਦ ਕਰਨ ਦੇ ਨਾਲ-ਨਾਲ ਪੱਤਰ ਭੇਟ ਕੀਤਾ ਗਿਆ। 
ਆਂਗਣਵਾੜੀ ਵਰਕਰਾਂ ਨੇ ਪ੍ਰਧਾਨ ਬਲਦੇਵ ਕੌਰ ਖੁੱਡਾ, ਸੀਟੂ ਦੇ ਜ਼ਿਲਾ ਮੀਤ ਪ੍ਰਧਾਨ ਰਵਿੰਦਰ ਸਿੰਘ ਰਾਹੀ, ਹਰਜੀਤ ਕੌਰ ਅਤੇ ਜਸਵਿੰਦਰ ਕੌਰ ਦੀ ਅਗਵਾਈ ਵਿਚ ਪ੍ਰਦਰਸ਼ਨ ਦੌਰਾਨ ਕਿਹਾ ਕਿ ਸਰਕਾਰ ਵੱਲੋਂ ਪ੍ਰੀ-ਨਰਸਰੀ ਜਮਾਤਾਂ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲਾਂ ਵਿਚ ਸ਼ਿਫਟ ਕਰਨ ਅਤੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਦੀ ਵੰਡ ਆਂਗਣਵਾੜੀ ਕੇਂਦਰਾਂ ਤੋਂ ਬੰਦ ਕਰਨ ਦੇ ਫਰਮਾਨ ਦਾ ਉਨ੍ਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਸੀ. ਡੀ. ਪੀ. ਓ. ਬਿਕਰਮਜੀਤ ਕੌਰ ਨੂੰ ਮੰਗ-ਪੱਤਰ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਸਮੂਹ ਆਂਗਣਵਾੜੀ ਵਰਕਰਜ਼ ਮਹਿਕਮੇ ਵੱਲੋਂ ਐੱਸ. ਐੱਨ. ਪੀ. ਲਾਭਪਾਤਰੀਆਂ ਨੂੰ ਆਧਾਰ ਕਾਰਡ ਤੇ 
ਫੋਨ ਨੰਬਰਾਂ ਨਾਲ ਜੋੜਨ ਲਈ ਮੰਗੀਆਂ ਰਿਪੋਰਟਾਂ ਨਹੀਂ ਦੇਣਗੀਆਂ ਅਤੇ ਨਾ ਹੀ ਸੁਪਰਵਾਈਜ਼ਰ ਉਨ੍ਹਾਂ ਤੋਂ ਰਿਪੋਰਟ ਮੰਗ ਕੇ ਪ੍ਰੇਸ਼ਾਨ ਕਰਨ। ਸੀ. ਡੀ. ਪੀ. ਓ. ਬਿਕਰਮਜੀਤ ਕੌਰ ਨੇ ਮੰਗ-ਪੱਤਰ ਹਾਸਲ ਕਰਨ ਉਪਰੰਤ ਕਿਹਾ ਕਿ ਉਹ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦੇਣਗੇ।. ਇਸ ਸਮੇਂ ਹਰਵਿੰਦਰ ਕੌਰ, ਰਵਿੰਦਰ ਕੌਰ, ਕਮਲਜੀਤ ਕੌਰ, ਕੁਲਜੀਤ ਕੌਰ, ਨੀਲਮ, ਰਣਜੀਤ ਕੌਰ, ਜਸਵਿੰਦਰ ਕੌਰ, ਸਤਵਿੰਦਰ ਕੌਰ, ਰਾਜਵਿੰਦਰ ਕੌਰ, ਗੁਰਮੀਤ ਕੌਰ, ਬਲਵੰਤ ਕੌਰ, ਬਿਮਲਾ ਆਦਿ ਮੌਜੂਦ ਸਨ। 
ਹਾਜੀਪੁਰ, (ਜੋਸ਼ੀ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਬਲਾਕ ਹਾਜੀਪੁਰ ਦੀ ਮੀਟਿੰਗ ਪ੍ਰਧਾਨ ਅਰੁਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਬਲਾਕ ਦੀਆਂ ਸਾਰੀਆਂ ਵਰਕਰਜ਼ ਤੇ ਹੈਲਪਰਜ਼ ਨੇ 15 ਨਵੰਬਰ ਦੇ ਜੇਲ ਭਰੋ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਫਾਰਮ ਭਰੇ। ਯੂਨੀਅਨ ਆਗੂਆਂ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ 'ਚ ਸਤੰਬਰ ਮਹੀਨੇ ਤੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਆਈ. ਸੀ. ਡੀ. ਐੱਮ. ਨੂੰ ਤੋੜਨ ਵਾਲੇ ਮਨਸੂਬਿਆਂ ਦੇ ਖਿਲਾਫ਼ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। 
ਯੂਨੀਅਨ ਦੀ ਮੰਗ ਹੈ ਕਿ ਪ੍ਰੀ-ਨਰਸਰੀ ਜਮਾਤਾਂ ਪ੍ਰਾਇਮਰੀ ਸਕੂਲਾਂ 'ਚ ਚਲਾਉਣੀਆਂ ਬੰਦ ਕੀਤੀਆਂ ਜਾਣ, ਇਹ ਜਮਾਤਾਂ ਆਂਗਣਵਾੜੀ ਸੈਂਟਰਾਂ 'ਚ ਹੀ ਚਲਾਈਆਂ ਜਾਣ, ਜਿਸ ਲਈ ਯੂਨੀਅਨ ਨੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। 
ਇਸ ਅੰਦੋਲਨ ਸਦਕਾ ਪੰਜਾਬ ਸਰਕਾਰ ਨੇ 14 ਨਵੰਬਰ ਨੂੰ ਆਪਣੇ ਦਫ਼ਤਰ ਵਿਚ ਮੀਟਿੰਗ ਬੁਲਾਈ ਹੈ। ਜੇਕਰ ਇਹ ਨੋਟੀਫਿਕੇਸ਼ਨ ਰੱਦ ਨਾ ਕੀਤਾ ਗਿਆ ਤਾਂ 15 ਨਵੰਬਰ ਨੂੰ ਪੰਜਾਬ ਦੀਆਂ ਜੇਲਾਂ ਭਰ ਦਿੱਤੀਆਂ ਜਾਣਗੀਆਂ।