ਆਂਗਣਵਾੜੀ ਵਰਕਰਾਂ ਨੇ ਕੈਪਟਨ ਅਮਰਿੰਦਰ ਦਾ ਪੁਤਲਾ ਸਾੜਿਆ

10/27/2017 5:14:47 AM

ਭੁਲੱਥ, (ਰਜਿੰਦਰ, ਭੂਪੇਸ਼)- ਕਸਬਾ ਭੁਲੱਥ ਦੇ ਪ੍ਰਮੁੱਖ ਥਾਣੇ ਵਾਲੇ ਚੌਕ ਵਿਖੇ ਅੱਜ ਆਂਗਣਵਾੜੀ ਵਰਕਰਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ। ਇਸ ਮੌਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਨਡਾਲਾ ਦੀ ਪ੍ਰਧਾਨ ਸਤਵੰਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪ੍ਰਾਇਮਰੀ ਸਕੂਲਾਂ 'ਚ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਤੇ ਇਨ੍ਹਾਂ ਕਲਾਸਾਂ 'ਚ ਆਂਗਣਵਾੜੀ ਕੇਂਦਰਾਂ ਵਿਚ ਪੜ੍ਹਦੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਆਂਗਣਵਾੜੀ ਕੇਂਦਰ ਬੰਦ ਕੀਤੇ ਜਾ ਰਹੇ ਹਨ, ਜੋ ਵਰਕਰਾਂ ਨਾਲ ਧੱਕਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਘਰ ਭਰਤੀ ਇਕ ਮੈਂਬਰ ਨੂੰ ਨੌਕਰੀ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਸਾਨੂੰ ਤਾਂ ਬੇਰੋਜ਼ਗਾਰ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਵਿਰੋਧ ਵਿਚ ਅੱਜ ਦਾ ਸੰਘਰਸ਼ਮਈ ਪ੍ਰੋਗਰਾਮ ਰੱਖਿਆ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਬੀਤੇ ਦਿਨੀਂ ਪਟਿਆਲਾ 'ਚ ਰੋਸ ਪ੍ਰਦਰਸ਼ਨ ਕਰਦੀਆਂ ਆਂਗਣਵਾੜੀ ਵਰਕਰਾਂ ਨੂੰ ਪੰਜਾਬ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ, ਸਾਡੀ ਮੰਗ ਹੈ ਕਿ ਇਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਦੂਜੇ ਪਾਸੇ ਇਸ ਧਰਨੇ ਦੌਰਾਨ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਪੁੱਜੇ। ਜਿਨ੍ਹਾਂ ਇਸ ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪਟਿਆਲਾ ਵਿਖੇ ਆਪਣੇ ਹੱਕਾਂ ਦੀ ਮੰਗ ਕਰ ਰਹੀਆਂ ਆਂਗਣਵਾੜੀ ਵਰਕਰਾਂ 'ਤੇ ਲਾਠੀਚਾਰਜ ਕਰਕੇ ਗ੍ਰਿਫਤਾਰੀਆਂ ਕਰਨ ਵਾਲੀ ਘਟਨਾ ਨਿੰਦਣਯੋਗ ਹੈ। ਉਨ੍ਹਾਂ ਹੋਰ ਕਿਹਾ ਕਿ ਅਸੀਂ ਆਂਗਣਵਾੜੀ ਵਰਕਰਾਂ ਦੇ ਨਾਲ ਹਾਂ ਤੇ ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ 'ਚ ਮੈਂ ਆਂਗਣਵਾੜੀ ਵਰਕਰਾਂ ਨਾਲ ਹੋ ਰਹੀ ਧੱਕੇਸ਼ਾਹੀ ਖਿਲਾਫ ਆਵਾਜ਼ ਉਠਾਵਾਂਗਾ। ਇਸ ਮੌਕੇ ਕੁਲਵਿੰਦਰ ਕੌਰ, ਰਜਿੰਦਰ ਕੌਰ, ਸਰਬਜੀਤ ਕੌਰ, ਹਰਭਜਨ ਕੌਰ, ਕੁਲਵੰਤ ਕੌਰ, ਪਲਵਿੰਦਰ ਕੌਰ ਤੇ ਬਲਵੀਰ ਕੌਰ ਸਮੇਤ ਵੱਡੀ ਗਿਣਤੀ 'ਚ ਆਂਗਣਵਾੜੀ ਵਰਕਰਾਂ ਮੌਜੂਦ ਸਨ।