ਆਂਗਣਵਾੜੀ ਵਰਕਰਾਂ ਨੇ ਕੱਢਿਆ ਰੋਸ ਮਾਰਚ

07/04/2018 4:54:06 AM

ਫਗਵਾੜਾ, (ਹਰਜੋਤ)- ਪੰਜਾਬ 'ਚ ਦਿਨੋ-ਦਿਨ ਵਧ ਰਹੇ ਨਸ਼ਿਆਂ ਦੇ ਖਿਲਾਫ਼ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਨਸ਼ਿਆਂ ਖਿਲਾਫ਼ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈੱਲਪਰਾਂ ਨੇ ਆਪਣੇ ਬੱਚਿਆਂ ਸਮੇਤ ਹਿੱਸਾ ਲਿਆ ਅਤੇ ਸਰਕਾਰ ਦੀ ਨਸ਼ੇ ਵਿਰੁੱਧ ਢਿੱਲੀ ਮੁਹਿੰਮ ਖਿਲਾਫ਼ ਜ਼ੋਰਦਾਰੀ ਨਾਅਰੇਬਾਜ਼ੀ ਕੀਤੀ ਤੇ ਸਰਕਾਰ ਨੂੰ ਇਸ ਸਬੰਧੀ ਆਪਣੀ ਜ਼ਿੰਮੇਵਾਰੀ ਸੰਜੀਦਗੀ ਨਾਲ ਨਿਭਾਉਣ ਦੀ ਅਪੀਲ ਕੀਤੀ। ਇਸ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਨਸ਼ਿਆਂ ਖਿਲਾਫ ਐੱਸ. ਡੀ. ਐੱਮ. ਜੋਤੀ ਬਾਲਾ ਨੂੰ ਇਕ ਮੰਗ-ਪੱਤਰ ਵੀ ਸੌਂਪਿਆ।
ਆਂਗਣਵਾੜੀ ਵਰਕਰਾਂ ਤੇ ਹੈੱਲਪਰਾਂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਅੱਜ ਨਸ਼ਿਆਂ ਦੀ ਬੀਮਾਰੀ ਘੁਣ ਵਾਂਗ ਖਾਣ ਲੱਗੀ ਹੈ, ਜਦੋਂ ਕਿ ਸਰਕਾਰਾਂ ਨਸ਼ਿਆਂ ਨੂੰ ਖਤਮ ਕਰਨ ਲਈ ਫੇਲ ਸਾਬਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ 'ਚ ਵਧ ਰਹੇ ਨਸ਼ਿਆਂ ਨੂੰ ਰੋਕਣ ਲਈ ਜਲਦ ਤੋਂ ਜਲਦ ਠੋਸ ਕਦਮ ਨਾ ਚੁੱਕੇ ਗਏ ਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਨਾ ਪਾਈ ਗਈ ਤਾਂ ਸਥਿਤੀ ਹੋਰ ਵੀ ਭਿਆਨਕ ਬਣ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ 'ਚੋਂ ਨਸ਼ਿਆਂ ਨੂੰ ਪੂਰਨ ਤੌਰ 'ਤੇ ਖਤਮ ਕੀਤਾ ਜਾਵੇ ਤੇ ਦੋਸ਼ੀਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।  ਇਸ ਮੌਕੇ ਯੂਨੀਅਨ ਆਗੂ ਹਰਵਿੰਦਰ ਕੌਰ, ਸ਼ਰਨਜੀਤ ਕੌਰ, ਕਮਲੇਸ਼ ਰਾਣੀ, ਵਿਮਲਾ ਦੇਵੀ, ਰਜਨੀ ਸ਼ਰਮਾ, ਸੰਤੋਸ਼ ਆਦਿ ਸ਼ਾਮਲ ਸਨ।