ਆਂਗਣਵਾੜੀ ਵਰਕਰਾਂ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਤੋਂ ਵਾਂਝੀਆਂ

04/30/2020 6:16:34 PM

ਸੰਗਰੂਰ(ਸਿੰਗਲਾ) - ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਪ੍ਰੈਸ ਸਕੱਤਰ ਮਨਦੀਪ ਕੁਮਾਰੀ ਸੰਗਰੂਰ ਨੇ ਦੱਸਿਆ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਕੌਮੀ ਪ੍ਰਧਾਨ ਕਾਮਰੇਡ ਊਸ਼ਾ ਰਾਣੀ ਨੇ ਕਿਹਾ ਕਿ ਪੂਰੇ ਭਾਰਤ ਵਿਚ ਕੇਂਦਰ ਸਰਕਾਰ ਵੱਲੋਂ ਕੈਸ ਨਾਂ ਦੀ ਵੈੱਬਸਾਈਟ ਬਣਾਈ ਹੋਈ ਹੈ, ਜਿਸ ਵਿੱਚ ਆਂਗਣਵਾੜੀ ਕੇਂਦਰ ਦਾ ਪੂਰਾ ਡਾਟਾ ਅਪਡੇਟ ਕੀਤਾ ਜਾਂਦਾ ਹੈ। ਜਿਸ ਨੂੰ ਅੱਪਡੇਟ ਕਰਨ ਲਈ ਆਂਗਣਵਾੜੀ ਵਰਕਰਾਂ ਨੂੰ ਮੋਬਾਇਲ ਮੁਹੱਈਆ ਕਰਵਾਏ ਗਏ ਹਨ ਅਤੇ ਹਰ ਮਹੀਨੇ ਪੰਜ ਸੌ ਰੁਪਿਆ ਮੋਬਾਈਲ ਚਾਰਜ ਵੀ ਦਿੱਤਾ ਜਾਂਦਾ ਹੈ ਪਰ ਪੰਜਾਬ ਵਿੱਚ ਇਸ ਤਰਾਂ ਦੀ ਕੋਈ ਵੀ ਵਿਵਸਥਾ ਨਹੀਂ ਹੈ ਅਤੇ ਨਾ ਹੀ ਵਰਕਰਾਂ ਨੂੰ ਸਰਕਾਰ ਵੱਲੋਂ ਮੋਬਾਇਲ ਮੁਹੱਈਆ ਕਰਵਾਏ ਗਏ ਹਨ। ਇਸ ਸਭ ਦੇ ਨਾ ਹੁੰਦੇ ਹੋਏ ਵੀ ਅਧਿਕਾਰੀਆਂ ਵੱਲੋਂ ਪੋਸ਼ਣ ਅਭਿਆਨ ਦੇ ਨਾਲ-ਨਾਲ ਰੋਜ਼ ਨਵੇ ਤੋਂ ਨਵੇ ਕੰਮ ਦੇ ਕੇ ਅਤੇ ਉਸ ਦੀ ਰਿਪੋਰਟ ਅੱਪਡੇਟ ਕਰਨ ਲਈ  ਆਂਗਨਵਾੜੀ ਵਰਕਰਾਂ ਨੂੰ ਜਬਰਨ ਰਿਪੋਰਟਾਂ ਭੇਜਣ ਲਈ ਮਜਬੂਰ ਕੀਤਾ ਜਾਂਦਾ ਹੈ। ਬਹੁਤ ਥਾਵਾਂ ਤੇ ਇਹ ਦੇਖਣ ਨੂੰ ਆਇਆ ਹੈ ਕਿ ਸੁਪਰਵਾਈਜ਼ਰਾਂ ਵੱਲੋਂ ਆਂਗਨਵਾੜੀ ਵਰਕਰਾਂ ਨੂੰ ਐਂਡ੍ਰਾਇਡ ਮੋਬਾਈਲ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ 75 ਸੌ ਰੁਪਏ ਨਾਲ ਘਰ ਦੀ ਰਸੋਈ ਚਲਾਉਣ ਵਿਚ ਵੀ ਦਿੱਕਤ ਆਉਂਦੀ ਹੈ ਤਾਂ ਵਰਕਰ ਐਂਡ੍ਰਾਇਡ ਮੋਬਾਇਲ ਕਿੱਥੋਂ ਖਰੀਦ ਸਕਦੀਆਂ ਹਨ। ਐਡਵਾਈਜ਼ਰੀ ਬੋਰਡ ਅਤੇ ਚਾਈਲਡ ਵੈੱਲਫੇਅਰ ਕੌਂਸਲ ਅਧੀਨ ਚੱਲਦੇ ਕੇਂਦਰਾਂ ਨੂੰ ਚਾਰ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਅਤੇ ਉਹ ਭੁੱਖੇ ਪੇਟ ਕੰਮ ਕਰਨ ਨੂੰ ਮਜਬੂਰ ਹਨ।

ਊਸਾ ਰਾਣੀ ਅਤੇ ਮਨਦੀਪ ਕੌਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿਚ ਪ੍ਰਸ਼ਾਸਨ ਵੱਲੋਂ ਇਕ ਪੱਤਰ ਜਾਰੀ ਕਰਕੇ ਆਂਗਣਵਾੜੀ ਵਰਕਰਾਂ ਨੂੰ ਹੁਕਮ ਜਾਰੀ ਕੀਤਾ ਗਿਆ ਹੈ ਕਿ ਆਂਗਣਵਾੜੀ ਸੈਂਟਰਾਂ ਵਿਚ ਦਾਖਲ 3 ਤੋਂ 6 ਸਾਲ ਦੇ ਬੱਚਿਆਂ ਦੇ ਮਾਪਿਆਂ ਦੇ ਵਟਸਐਪ ਉਤੇ ਗਰੁੱਪ ਬਨਾਉਣ ਜਿਸ ਵਿਚ ਪਲੇਅ ਬੇਸਡ ਐਕਟੀਵਿਟੀ ਭੇਜੀਆਂ ਜਾਣ। ਇਹ ਗਤੀਵਿਧੀਆਂ ਮਾਪਿਆਂ ਵੱਲੋਂ ਬੱਚਿਆਂ ਨੂੰ ਕਰਵਾਈਆਂ ਜਾਣਗੀਆਂ ਅਤੇ ਇਹਨਾਂ ਸੰਬੰਧੀ ਫੋਟੋਆਂ, ਵੀਡੀਓ  ਮਾਪਿਆਂ ਵੱਲੋ ਲੈ ਕੇ ਵਰਕਰਾਂ ਵੱਲੋਂ ਅੱਗੇ ਭੇਜੀਆਂ ਜਾਣਗੀਆਂ। ਹੁਕਮਾਂ ਵਿਚ ਇਹ ਵੀ ਕਿਹਾ ਗਿਆ ਕਿ ਗਰੁੱਪ ਬਣਾਉਣ ਤੋਂ ਬਾਅਦ ਰਿਪੋਰਟ ਦਿੱਤੀ ਜਾਵੇ। ਆਗੂਆਂ ਨੇ ਦੱਸਿਆਂ ਕਿ ਜੋ ਬੱਚੇ ਆਂਗਣਵਾੜੀ ਕੇਂਦਰਾਂ ਵਿੱਚ ਆਉਦੇ ਹਨ ਉਹਨਾਂ ਦੇ ਮਾਪਿਆ ਖਾਸ ਕਰਕੇ ਔਰਤਾਂ ਲੋਕਾਂ ਦੇ ਘਰਾਂ ਵਿਚ ਝਾੜੂ ਪੋਚਾ ਅਤੇ ਭਾਂਡੇ ਮਾਂਜ ਕੇ ਆਪਣੇ ਘਰਾਂ ਦਾ ਗੁਜਾਰਾ ਚਲਾਉਂਦੀਆਂ ਹਨ। ਉਨ੍ਹਾਂ ਕੋਲ ਐਂਡਰਾਇਡ ਫੋਨ ਰੱਖਣਾ ਉਨ੍ਹਾਂ ਦੇ ਬਜਟ ਤੋਂ ਬਹੁਤ ਦੂਰ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਹਲਾਤਾਂ ਵਿਚ ਲੋਕਾਂ ਨੂੰ ਦੋ ਸਮੇਂ ਦੀ ਰੋਟੀ ਦਾ ਫਿਕਰ ਹੈ, ਮੋਬਾਇਲਾਂ ਵਿਚ ਡਾਟਾ ਪਵਾਉਣਾ ਤਾਂ ਦੂਰ ਦੀ ਗੱਲ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਤੇ ਅਫ਼ਸਰ ਸੱਚ ਮੁੱਚ ਲੋਕਾਂ ਲਈ ਐਨੇ ਚਿੰਤਤ ਹਨ ਤਾਂ ਉਨ੍ਹਾਂ ਦੇ ਘਰ ਰਾਸ਼ਨ ਭੇਜਣ ਨਾ ਕਿ ਅਜਿਹੇ ਫੁਰਮਾਨ ਜਾਰੀ ਕਰਕੇ ਉਨ੍ਹਾਂ ਨੂੰ ਗਰੀਬੀ ਦਾ ਅਹਿਸਾਸ ਕਰਾਉਣ ਇਹ ਕੋਝਾ ਮਜ਼ਾਕ ਨਹੀਂ ਤਾਂ ਹੋਰ ਕੀ ਹੈ।ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਸਰਕਾਰ ਜੇਕਰ ਸੱਚਮੁੱਚ ਹੀ ਡਿਜੀਟਲ ਸਿੱਖਿਆ ਦੇ ਪੱਖ ਵਿੱਚ ਹੈ ਤਾਂ ਉਹ ਆਂਗਨਵਾੜੀ ਵਰਕਰਾਂ ਨੂੰ ਮੋਬਾਇਲ ਅਤੇ ਮੋਬਾਈਲ ਭੱਤਾ ਦੋਵੇਂ ਹੀ ਮੁਹੱਈਆ ਕਰਵਾਏ ਜਾਣ ਜਿਸ ਨਾਲ 75 ਸੌ ਰੁਪਿਆ ਲੈਣ ਵਾਲੀ ਆਂਗਣਵਾੜੀ ਵਰਕਰ ਵੀ ਡਿਜੀਟਲ ਹੋ ਸਕਣ।                                                                                       

Harinder Kaur

This news is Content Editor Harinder Kaur