ਆਂਗਣਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

09/24/2017 6:57:49 AM

ਨੌਸ਼ਹਿਰਾ ਪੰਨੂੰਆਂ,  (ਹਰਜਿੰਦਰ ਰਾਏ, ਬਲਦੇਵ ਪੰਨੂੰ)-  ਸਥਾਨਕ ਕਸਬਾ ਨੌਸ਼ਹਿਰਾ ਪੰਨੂੰਆਂ ਦੇ ਸੀ. ਡੀ. ਪੀ. ਓ. ਦਫਤਰ ਵਿਖੇ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵੱਲੋਂ ਬਲਾਕ ਪ੍ਰਧਾਨ ਬੇਅੰਤ ਕੌਰ ਢੋਟੀਆਂ ਦੀ ਅਗਵਾਈ 'ਚ ਸੀ. ਡੀ. ਪੀ. ਓ. ਦਫਤਰ ਅੱਗੇ ਧਰਨਾ ਦਿੱਤਾ ਗਿਆ। ਉਪਰੰਤ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਗਿਆ। 
 ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬੇਅੰਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦਾ ਜੋ ਫੈਸਲਾ ਲਿਆ ਹੈ, ਸਿੱਧਾ ਹੀ ਸੂਬੇ ਦੀਆਂ 53,000 ਵਰਕਰਾਂ ਤੇ ਹੈਲਪਰਾਂ ਦੇ ਬੱਚਿਆਂ ਮੂੰਹੋਂ ਰੋਟੀ ਖੋਹਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਗੱਲ ਕੀਤੇ ਬਿਨਾਂ ਅਤੇ ਆਈ. ਸੀ. ਡੀ. ਐੱਸ. ਸਕੀਮ 'ਤੇ ਪ੍ਰੀ-ਪ੍ਰਾਇਮਰੀ ਦੇ ਨੁਕਸਾਨ ਦਾ ਜਾਇਜ਼ਾ ਲਏ ਬਿਨਾਂ ਇਹ ਫੈਸਲਾ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਨਾਲ ਸੂਬੇ ਵਿਚ ਚੱਲ ਰਹੇ 26,656 ਆਂਗਣਵਾੜੀ ਕੇਂਦਰ ਬੰਦ ਹੀ ਨਹੀਂ ਹੋਣਗੇ, ਸਗੋਂ ਇਸ ਨਾਲ ਆਈ. ਸੀ. ਡੀ. ਐੱਸ. ਸੇਵਾਵਾਂ ਵੀ ਖਤਮ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਆਂਗਣਵਾੜੀ ਅਤੇ ਹੈਲਪਰਾਂ 'ਚ ਰੋਸ ਹੈ ਅਤੇ ਉਹ ਆਪਣੇ ਰੋਜ਼ਗਾਰ ਦੀ ਰਾਖੀ ਲਈ ਸੜਕਾਂ 'ਤੇ ਉਤਰਨ ਲਈ ਤਿਆਰ ਹਨ। 
ਬੇਅੰਤ ਕੌਰ ਤੇ ਹੋਰਨਾਂ ਨੇ ਕਿਹਾ ਕੇ 26 ਸਤੰਬਰ ਨੂੰ ਚੰਡੀਗੜ੍ਹ ਵਿਖੇ ਜਨਰਲ ਬਾਡੀ ਮੀਟਿੰਗ ਕਰ ਕੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕੀ ਜਾਵੇਗੀ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ 3 ਤੋਂ 6 ਸਾਲ ਤੱਕ ਸਿੱਖਿਆ ਲਾਜ਼ਮੀ ਕੀਤੀ ਜਾਵੇ ਨਹੀਂ ਤਾਂ ਅੰਦੋਲਨ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਰਾਜਵਿੰਦਰ ਕੌਰ ਨੌਸ਼ਹਿਰਾ ਪੰਨੂੰਆਂ, ਸਰਬਜੀਤ ਕੌਰ, ਅਮਰਜੀਤ ਕੌਰ, ਕਾਨਤਾ ਕੁਮਾਰੀ, ਰਜਨੀ ਬਾਲਾ, ਸੁਖਵਿੰਦਰ ਕੌਰ, ਸ਼ਿੰਗਾਰ ਕੌਰ, ਜਸਵੰਤ ਕੌਰ ਕੋਟ ਮੁਹੰਮਦ ਖਾਂ, ਸ਼ਰਨਜੀਤ ਕੌਰ ਠੱਠੀਆਂ ਮਹੰਤਾ, ਗੁਰਮੀਤ ਕੌਰ, ਭੁਪਿੰਦਰ ਕੌਰ, ਬਲਜਿੰਦਰ ਕੌਰ ਤੋਂ ਇਲਾਵਾ ਹੋਰ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਮੌਜੂਦ ਸਨ।