ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਮਹਿਲਾ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਇਆ

03/09/2018 6:43:10 AM

ਸੁਲਤਾਨਪੁਰ ਲੋਧੀ, ( ਧੀਰ , ਅਸ਼ਵਨੀ, ਜੋਸ਼ੀ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮਾਂ ਨੇ ਅੱਜ ਕੌਮਾਂਤਰੀ ਮਹਿਲਾ ਦਿਵਸ ਨੂੰ ਰੋਸ ਵਜੋਂ ਕਾਲੇ ਦਿਵਸ 'ਚ ਮਨਾਇਆ। ਵੱਡੀ ਗਿਣਤੀ 'ਚ ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਿਰਾਂ 'ਤੇ ਕਾਲੀਆਂ ਚੁੰਨੀਆਂ ਬੰਨ੍ਹ ਕੇ ਤੇ ਹੱਥਾਂ 'ਚ ਕਾਲੀਆਂ ਝੰਡੀਆਂ ਫੜ ਕੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਪਹਿਲਾਂ ਰੋਸ ਮਾਰਚ ਕੀਤਾ ਤੇ ਫੇਰ ਕੁੱਲ ਹਿੰਦ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਕਾਲੇ ਕੱਪੜੇ ਪਾ ਕੇ ਪੁਤਲਿਆਂ ਨੂੰ ਸਾੜਿਆ। 
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ ਸਵਾ ਮਹੀਨੇ ਤੋਂ ਜਥੇਬੰਦੀ ਵੱਲੋਂ ਵਿੱਤ ਮੰਤਰੀ ਦੇ ਬਠਿੰਡਾ ਦਫ਼ਤਰ ਅੱਗੇ ਰੋਸ ਧਰਨਾ ਲਾਇਆ ਹੋਇਆ ਹੈ ਤੇ ਪੂਰੇ ਪੰਜਾਬ 'ਚ ਸੰਘਰਸ਼ ਵਿਢਿਆ ਹੋਇਆ ਹੈ ਪਰ ਸਰਕਾਰ ਗੱਲ ਨਹੀਂ ਸੁਣ ਰਹੀ। ਜਥੇਬੰਦੀਆਂ ਦੀ ਮੰਗ ਹੈ ਕਿ ਵਰਕਰਾਂ, ਹੈਲਪਰਾਂ ਨੂੰ ਹਰਿਆਣਾ ਤੇ ਦਿੱਲੀ ਪੈਟਰਨ 'ਤੇ ਮਾਣਭੱਤਾ ਦਿੱਤਾ ਜਾਵੇ। ਸਰਕਾਰੀ ਸਕੂਲਾਂ 'ਚ ਦਾਖਲ ਕੀਤੇ ਗਏ ਆਂਗਣਵਾੜੀ ਕੇਂਦਰਾ ਦੇ ਬੱਚਿਆਂ ਨੂੰ ਵਾਪਸ ਭੇਜਿਆ ਜਾਵੇ। ਰੋਕੇ ਹੋਏ ਬਿਲਾਂ ਨੂੰ ਪਾਸ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਨੇ ਭਰੂਣ ਹੱਤਿਆਵਾਂ ਦੇ ਖਿਲਾਫ ਕੈਂਪ ਤੇ ਸੈਮੀਨਾਰ ਲਗਾਏ ਲੋਕਾਂ ਨੂੰ ਜਾਗਰੂਕ ਕੀਤਾ ਤੇ ਫੇਰ ਹੀ ਪੰਜਾਬ 'ਚ ਕੁੜੀਆਂ ਦੀ ਦਰ ਵਧੀ ਹੈ ਪਰ ਰਾਸ਼ਟਰਪਤੀ ਵਜੋਂ ਮਹਿਲਾ ਦਿਵਸ ਮੌਕੇ ਵਿਭਾਗ ਦੀ ਮੰਤਰੀ ਰਜੀਆ ਸੁਲਤਾਨਾ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਜਦਕਿ ਵਰਕਰਾਂ, ਹੈਲਪਰਾਂ ਆਪਣਾ ਹੱਕ ਲੈਣ ਲਈ ਸੜਕਾਂ 'ਤੇ ਰੁਲ ਰਹੀਆਂ ਹਨ ਤੇ ਸਰਕਾਰ ਉਨ੍ਹਾਂ 'ਤੇ ਪੁਲਸ ਦੇ ਡੰਡੇ ਵਰ੍ਹਾ ਰਹੀ ਹੈ।
ਇਸ ਮੌਕੇ ਪ੍ਰਧਾਨ ਮਨਜੀਤ ਕੌਰ, ਸਰਕਲ ਪ੍ਰਧਾਨ ਰਣਜੀਤ ਕੌਰ, ਕੁਲਵਿੰਦਰ ਕੌਰ, ਜਤਿੰਦਰ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ ਡਡਵਿੰਡੀ, ਹਰਜਿੰਦਰ ਕੌਰ ਟਿੱਬਾ, ਸੁਰਿੰਦਰ ਕੌਰ, ਜਗੀਰ ਕੌਰ, ਰਜਿੰਦਰਪਾਲ ਕੌਰ, ਕਾਂਤਾ, ਬਲਵੀਰ ਕੌਰ ਆਦਿ ਹਾਜ਼ਰ ਸਨ।
ਫਗਵਾੜਾ, (ਜਲੋਟਾ, ਰੁਪਿੰਦਰ ਕੌਰ, ਹਰਜੋਤ)—ਬਲਾਕ ਫਗਵਾੜਾ ਵਿਚ ਆਲ ਪੰਜਾਬ ਆਂਗਣਵਾੜੀ ਮੁਲਾਜ਼ਮਾਂ ਨੇ ਕੌਮਾਂਤਰੀ ਮਹਿਲਾ ਦਿਵਸ ਨੂੰ ਰੋਸ ਵਜੋਂ ਕਾਲੇ ਦਿਵਸ ਵਜੋਂ ਮਨਾਇਆ ਗਿਆ, ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਿਰਾਂ 'ਤੇ ਕਾਲੀਆਂ ਚੁੰਨੀਆ ਲ਼ੈ ਕੇ ਅਤੇ ਹੱਥਾਂ ਵਿਚ ਕਾਲੀਆਂ ਝੰਡੀਆਂ ਫੜ ਕੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਖਿਲਾਫ  ਨਾਅਰੇਬਾਜ਼ੀ ਕੀਤੀ ਉਪਰੰਤ ਰੋਸ ਮਾਰਚ ਕੱਢਿਆ। ਇਹ ਰੋਸ ਮਾਰਚ ਫਗਵਾੜਾ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਰੈਸਟ ਹਾਊਸ ਨਿਗਮ ਦੇ ਕੋਲ ਪੁੱਜਾ ਜਿਥੇ ਸੋਨੀਆ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਫੂਕੇ ਗਏ । ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ ਸਵਾ ਮਹੀਨੇ ਤੋਂ ਵਿੱਤ ਮੰਤਰੀ ਦੇ ਬਠਿੰਡੇ ਦਫਤਰ ਅੱਗੇ ਧਰਨਾ ਲਾਇਆ ਹੋਇਆ ਹੈ। ਪੂਰੇ ਪੰਜਾਬ ਵਿਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ਪਰ ਬੜੀ ਸ਼ਰਮ ਦੀ ਗੱਲ ਹੈ ਕਿ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ। ਪ੍ਰਧਾਨ ਸ਼੍ਰੀਮਤੀ ਬਿਮਲਾ ਦੇਵੀ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਦਿੱਲੀ ਵਾਂਗ ਮਾਣਭੱਤਾ ਦਿੱਤਾ ਜਾਵੇ। ਵਰਕਰਾਂ ਅਤੇ ਹੈਲਪਰਾਂ ਨੂੰ ਲਾਭ ਦੇਣ ਵਾਲੇ ਬਿਲ ਪਾਸ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਇਸ ਲਈ ਅਸੀਂ ਪੁਤਲਾ ਫੂਕ ਕੇ ਸਰਕਾਰ ਦਾ ਸਿਆਪਾ ਕਰ ਰਹੇ ਹਾਂ ਤੇ ਅੱਗੇ ਵੀ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ 'ਚ ਇਸੇ ਤਰ੍ਹਾਂ ਹਰ ਰੋਜ਼ ਫਗਵਾੜੇ ਦੇ ਬਲਾਕਾਂ ਵਿਚ ਪੁਤਲੇ ਫੂਕੇ ਜਾਣਗੇ । ਜੇਕਰ ਸਰਕਾਰ ਗੂੰਗੀ ਬੋਲੀ ਬਣ ਕੇ ਬੈਠੀ ਰਹੇਗੀ ਤੇ ਅਸੀਂ ਰੋਡ ਜਾਮ ਕਰਨਾ ਸ਼ੁਰੂ ਕਰ ਦੇਵਾਂਗੇ । ਜੇ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਸਦਾ ਸਾਰਾ ਦੋਸ਼ ਸਰਕਾਰ ਦਾ ਹੋਵੇਗਾ । ਉਨ੍ਹਾਂ ਨੇ ਕਿਹਾ ਕਿ ਅੱਜ ਮਹਿਲਾ ਦਿਵਸ ਮੌਕੇ ਅਸੀਂ ਔਰਤਾਂ ਸੜਕ ਉਪਰ ਰੁਲ ਰਹੀਆਂ ਹਾਂ, ਕੀ ਕਾਂਗਰਸ ਸਰਕਾਰ ਵਿਚ ਸਾਡਾ ਇਹੀ ਹਾਲ ਰਹੇਗਾ? ਇਸ ਮੌਕੇ ਸੰਤੋਸ਼ ਕੁਮਾਰੀ, ਕ੍ਰਿਸ਼ਨਾ ਕੁਮਾਰੀ, ਸਤਿਆ, ਪਰਮਜੀਤ ਕੌਰ, ਬਲਵਿੰਦਰ ਕੌਰ, ਅੰਜੂ, ਸਰਬਜੀਤ ਕੌਰ, ਸੁਭਾਸ਼ ਰਾਣੀ ਰਜਨੀ ਸ਼ਰਮਾ, ਆਰਤੀ ਸ਼ਰਮਾ, ਹਰਵਿੰਦਰ ਕੌਰ, ਪ੍ਰਵੀਨ ਕੌਰ, ਗੋਮਤਾ ਦੇਵੀ ਆਦਿ ਸਮੂਹ ਆਂਗਣਬਾੜੀ ਵਰਕਰਜ਼ ਹਾਜ਼ਰ ਸਨ ।