ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਵੱਲੋਂ ਡੀ. ਸੀ. ਦਫ਼ਤਰ ਅੱਗੇ ਰੋਸ ਮੁਜ਼ਾਹਰਾ

11/16/2017 5:07:59 AM

ਹੁਸ਼ਿਆਰਪੁਰ, (ਘੁੰਮਣ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਜ਼ਿਲਾ ਪ੍ਰਧਾਨ ਗੁਰਬਖਸ਼ ਕੌਰ ਦੀ ਪ੍ਰਧਾਨਗੀ ਵਿਚ ਵੱਡੀ ਗਿਣਤੀ 'ਚ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਨੇ ਸੰਗਠਿਤ ਬਾਲ ਵਿਕਾਸ ਸੇਵਾਵਾਂ ਸਕੀਮ ਨੂੰ ਬਚਾਉਣ ਅਤੇ ਆਪਣੇ ਰੋਜ਼ਗਾਰ ਦੀ ਗਾਰੰਟੀ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਮੁੱਖ ਸੜਕ 'ਤੇ ਰੋਸ ਧਰਨਾ ਦਿੱਤਾ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ 54 ਦਿਨਾਂ ਤੋਂ ਆਂਗਣਵਾੜੀ ਮੁਲਾਜ਼ਮ ਆਪਣੇ ਹੱਕਾਂ ਦੀ ਰਾਖੀ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਸੂਬਾ ਸਰਕਾਰ 54 ਹਜ਼ਾਰ ਔਰਤਾਂ ਦੇ ਰੋਜ਼ਗਾਰ ਨੂੰ ਲੈ ਕੇ ਸੰਜੀਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਗਠਿਤ ਬਾਲ ਵਿਕਾਸ ਸੇਵਾਵਾਂ ਸਕੀਮ ਪਿਛਲੇ 42 ਸਾਲਾਂ ਤੋਂ ਕੰਮ ਕਰ ਰਹੀ ਹੈ, ਜੋ ਸੂਬੇ ਦੇ ਗਰੀਬ ਤੇ ਦਲਿਤ ਬੱਚਿਆਂ ਦੀ ਸਿਹਤ ਸੰਭਾਲ, ਪੋਸ਼ਣ ਅਤੇ ਸਿੱਖਿਆ ਮੁਹੱਈਆ ਕਰਵਾ ਕੇ ਚਹੁੰਪੱਖੀ ਵਿਕਾਸ ਕਰਦੀ ਹੈ। ਇਸ ਸਕੀਮ ਤਹਿਤ 26,833 ਆਂਗਣਵਾੜੀ ਕੇਂਦਰਾਂ 'ਚੋਂ 54 ਹਜ਼ਾਰ ਦੇ ਕਰੀਬ ਔਰਤਾਂ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਦੇ ਰੂਪ 'ਚ ਬਹੁਤ ਹੀ ਘੱਟ ਭੱਤੇ 'ਤੇ ਕੰਮ ਕਰਦੀਆਂ ਹਨ ਪਰ ਸੂਬੇ ਦੀ ਕੈਪਟਨ ਸਰਕਾਰ ਨੇ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਨੂੰ ਪੱਕੇ ਕਰਨ ਦੀ ਬਜਾਏ ਉਨ੍ਹਾਂ ਦੇ ਰੋਜ਼ਗਾਰ ਨੂੰ ਖੋਹਣ ਦੀ ਤਿਆਰੀ ਕਰ ਲਈ ਅਤੇ ਪ੍ਰੀ-ਪ੍ਰਾਇਮਰੀ ਕਲਾਸਾਂ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਆਂਗਣਵਾੜੀ ਵਰਕਰਜ਼ ਦਾ ਭਵਿੱਖ ਖਤਰੇ 'ਚ ਪੈ ਗਿਆ ਹੈ। ਬੁਲਾਰਿਆਂ ਨੇ 'ਜੇਲ ਭਰੋ ਅੰਦੋਲਨ' ਸ਼ੁਰੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਸਾਡੇ ਰੋਜ਼ਗਾਰ ਦੀ ਗਾਰੰਟੀ ਨਹੀਂ ਦੇ ਸਕਦੀ ਤਾਂ ਸਾਨੂੰ ਜੇਲਾਂ ਵਿਚ ਡੱਕ ਕੇ ਪੱਕੀਆਂ-ਪਕਾਈਆਂ ਰੋਟੀਆਂ ਦੇਣ ਦਾ ਪ੍ਰਬੰਧ ਕਰੇ।
ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਦੇ ਸੰਘਰਸ਼ ਨੂੰ ਬਿਨਾਂ ਮੰਨੇ ਖਤਮ ਨਹੀਂ ਕਰ ਸਕਦੇ। ਪ੍ਰੀ-ਪ੍ਰਾਇਮਰੀ ਸਿੱਖਿਆ ਸਾਡਾ ਹੱਕ ਹੈ ਅਤੇ ਅਸੀਂ ਆਪਣਾ ਹੱਕ ਮੰਗ ਰਹੇ ਹਾਂ। 
ਰੋਸ ਧਰਨੇ ਨੂੰ ਗੁਰਬਖਸ਼ ਕੌਰ ਚੱਕਗੁਰੂ, ਮਹਿੰਦਰ ਕੁਮਾਰ ਬੱਡੋਆਣ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਰਜਿੰਦਰ ਕੌਰ, ਧਨਪਤ, ਆਸ਼ਾ ਸੈਲਾ, ਜਸਵਿੰਦਰ ਢਾਂਡਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। 
ਇਸ ਦੌਰਾਨ ਸੁਖਵਿੰਦਰ ਕੌਰ, ਹਰਜੀਤ ਕੌਰ, ਕਮਲੇਸ਼ ਜੱਸੋਵਾਲ, ਮਨਜੀਤ ਕੌਰ, ਸਤਵਿੰਦਰ ਕੌਰ, ਜਸਪਾਲ ਕੌਰ, ਮਨਜੀਤ ਕੌਰ ਬੁੱਲ੍ਹੋਵਾਲ, ਰਾਜਵਿੰਦਰ ਕੌਰ, ਸਿਮਰਨਜੀਤ ਕੌਰ, ਬਲਵੀਰ ਕੌਰ, ਸੁਪਰਵਾਈਜ਼ਰ ਕੁਲਦੀਪ ਕੌਰ ਤੇ ਵੱਡੀ ਗਿਣਤੀ 'ਚ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਮੌਜੂਦ ਸਨ। ਇਸ ਮੌਕੇ ਡੀ. ਐੱਸ. ਪੀ. ਸੁਖਵਿੰਦਰ ਸਿੰਘ ਦੀ ਅਗਵਾਈ 'ਚ ਭਾਰੀ ਪੁਲਸ ਫੋਰਸ ਤਾਇਨਾਤ ਸੀ। ਇਨ੍ਹਾਂ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਐੱਸ. ਡੀ. ਐੱਮ. ਜਤਿੰਦਰ ਜੋਰਵਾਲ ਅਤੇ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਵੀ ਮੌਜੂਦ ਸਨ।
ਗ੍ਰਿਫ਼ਤਾਰੀਆਂ ਨੂੰ ਲੈ ਕੇ ਪ੍ਰਸ਼ਾਸਨ ਰਿਹਾ ਖਾਮੋਸ਼ : ਆਂਗਣਵਾੜੀ ਵਰਕਰਜ਼ ਵੱਲੋਂ ਦਿੱਤੇ ਗਏ ਧਰਨੇ ਮੌਕੇ ਵੱਖ-ਵੱਖ ਬੁਲਾਰੇ ਪੁਲਸ ਨੂੰ ਗ੍ਰਿਫ਼ਤਾਰ ਕਰਨ ਦੀ ਖੁੱਲ੍ਹੀ ਚੁਣੌਤੀ ਦਿੰਦੇ ਰਹੇ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਮਾਮਲੇ ਸਬੰਧੀ ਚੁੱਪ ਧਾਰੀ ਰੱਖੀ।
ਹੋਵੇਗਾ ਮੁੱਖ ਮੰਤਰੀ ਤੇ ਮੰਤਰੀਆਂ ਦਾ ਘਿਰਾਓ : ਅਗਲੀ ਰਣਨੀਤੀ ਸਬੰਧੀ ਕਾ. ਮਹਿੰਦਰ ਕੁਮਾਰ ਬੱਡੋਆਣ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਂਗਣਵਾੜੀ ਯੂਨੀਅਨ ਦੇ ਸੂਬਾਈ ਆਗੂਆਂ ਦੀ ਇਕ ਮੀਟਿੰਗ ਜਲਦ ਕੀਤੀ ਜਾ ਰਹੀ ਹੈ, ਜਿਸ ਵਿਚ ਫੈਸਲਾ ਕੀਤਾ ਜਾਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ, ਮੰਤਰੀ ਤੇ ਵਿਧਾਇਕ ਜਿਥੇ-ਜਿਥੇ ਵੀ ਮੀਟਿੰਗਾਂ ਜਾਂ ਰੈਲੀਆਂ ਕਰਨਗੇ, ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਵਾਪਸ ਆਂਗਣਵਾੜੀ ਸਕੂਲਾਂ 'ਚ ਨਹੀਂ ਲਿਆਂਦਾ ਜਾਂਦਾ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। 
ਮਾਹਿਲਪੁਰ, (ਜਸਵੀਰ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਮਾਹਿਲਪੁਰ ਵੱਲੋਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਧਾਨ ਕੁਲਦੀਪ ਕੌਰ ਦੀ ਅਗਵਾਈ ਵਿਚ ਬਲਾਕ ਸਿੱਖਿਆ ਅਫਸਰ ਮਾਹਿਲਪੁਰ ਦੇ ਦਫ਼ਤਰ ਅੱਗੇ ਬਲਾਕ ਦੀਆਂ ਸਮੂਹ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਨੇ ਸਿਰਾਂ 'ਤੇ ਕਾਲੀਆਂ ਚੁੰਨੀਆਂ ਲੈ ਕੇ ਅਤੇ ਕਾਲੇ ਝੰਡੇ ਹੱਥਾਂ ਵਿਚ ਫੜ ਕੇ ਰੋਸ ਧਰਨਾ ਲਾਇਆ। ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਨੂੰ ਕਿਸੇ ਵੀ ਕੀਮਤ 'ਤੇ ਸਰਕਾਰੀ ਸਕੂਲਾਂ ਵਿਚ ਨਹੀਂ ਜਾਣ ਦੇਣਗੇ। ਜ਼ਿਕਰਯੋਗ ਹੈ ਕਿ 14 ਨਵੰਬਰ ਤੋਂ ਸਕੂਲਾਂ ਵਿਚ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਵੱਲੋਂ ਭਾਰੀ ਵਿਰੋਧ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਆਂਗਣਵਾੜੀ ਸੈਂਟਰਾਂ ਦੇ ਬੱਚੇ ਖੋਹੇ ਜਾ ਰਹੇ ਹਨ। ਜਿਵੇਂ ਕਿ ਸਰਕਰ ਇਹ ਕਹਿ ਰਹੀ ਹੈ ਕਿ 3 ਤੋਂ 6 ਸਾਲ ਦੇ ਬੱਚੇ ਆਂਗਣਵਾੜੀ ਸੈਂਟਰਾਂ ਵਿਚ ਹੀ ਦਰਜ ਰਹਿਣਗੇ, ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਨਰਸਰੀ ਕਲਾਸ ਚਲਾਉਣ ਲਈ ਉੱਥੇ ਵੀ ਇਨ੍ਹਾਂ ਬੱਚਿਆਂ ਦਾ ਨਾਂ ਦਰਜ ਕੀਤਾ ਜਾਵੇਗਾ, ਜੋ ਕਿ ਸਰਾਸਰ ਗਲਤ ਹੈ।  
ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਨੇ ਮੰਗ ਕੀਤੀ ਕਿ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਵਿਭਾਗ ਦੀ ਮੰਤਰੀ ਨਾਲ ਹੋਈ ਮੀਟਿੰਗ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕਰੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸਰਕਾਰ ਆਂਗਣਵਾੜੀ ਵਰਕਰਾਂ ਦੀ ਇਹ ਮੰਗ 15 ਦਿਨਾਂ ਵਿਚ ਪੂਰੀ ਕਰੇ, ਨਹੀਂ ਤਾਂ 15 ਦਿਨਾਂ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੱਡੇ ਪੱਧਰ 'ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।  ਇਸ ਮੌਕੇ ਪ੍ਰਧਾਨ ਕੁਲਦੀਪ ਕੌਰ, ਮੀਤ ਪ੍ਰਧਾਨ ਮਨਜੀਤ ਕੌਰ, ਆਂਗਣਵਾੜੀ ਵਰਕਰ ਮੰਜੂ ਬਾਲਾ, ਦਵਿੰਦਰ ਕੌਰ, ਪ੍ਰੇਮ ਲਤਾ, ਭੁਪਿੰਦਰ ਕੌਰ, ਬਲਵੀਰੋ, ਨਰਿੰਦਰਜੀਤ ਕੌਰ, ਦਲਜੀਤ ਕੌਰ, ਰਾਜ ਕੁਮਾਰੀ, ਸੁਰਿੰਦਰ ਕੌਰ, ਬਿਕਰਮ ਕੌਰ, ਬ੍ਰਿਜ ਰਾਣੀ, ਰਮਨਜੀਤ ਕੌਰ, ਜਸਵੀਰ ਕੌਰ, ਕੁਲਵਿੰਦਰ ਕੌਰ, ਸੁਰੇਸ਼ ਕੌਰ, ਪਰਮਜੀਤ ਕੌਰ ਆਦਿ ਵੱਡੀ ਗਿਣਤੀ 'ਚ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਹਾਜ਼ਰ ਸਨ।