ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਫੂਕਿਆ ਪੁਤਲਾ

02/10/2018 7:55:11 AM

ਫਗਵਾੜਾ, (ਜਲੋਟਾ)— ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ (ਰਜਿ.) ਬਲਾਕ ਫਗਵਾੜਾ ਵੱਲੋਂ ਯੂਨੀਅਨ ਦੀ ਪ੍ਰਧਾਨ ਬੀਬੀ ਬਿਮਲਾ ਦੇਵੀ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿਚ ਰੋਸ ਮੁਜ਼ਾਹਰਾ ਕਰ ਕੇ ਹਰਗੋਬਿੰਦ ਨਗਰ ਚੌਕ ਵਿਖੇ ਪੰਜਾਬ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਉਪਰੰਤ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਯੂਨੀਅਨ ਵੱਲੋਂ ਮੰਗਾਂ ਸਬੰਧੀ ਐੱਸ. ਡੀ. ਐੱਮ. ਫਗਵਾੜਾ ਸ਼੍ਰੀਮਤੀ ਜਯੋਤੀ ਬਾਲਾ ਮੱਟੂ ਨੂੰ ਇਕ ਮੰਗ ਪੱਤਰ ਦਿੱਤਾ ਗਿਆ। 
ਗੱਲਬਾਤ ਕਰਦਿਆਂ ਬੀਬੀ ਬਿਮਲਾ ਦੇਵੀ, ਜਨਰਲ ਸਕੱਤਰ ਆਰਤੀ ਸ਼ਰਮਾ ਅਤੇ ਵਿੱਤ ਸਕੱਤਰ ਰਜਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਆਂਗਣਵਾੜੀ ਵਰਕਰਾਂ ਦੇ ਮਾਣ ਭੱਤੇ ਵਿਚ ਵਾਧਾ ਕੀਤਾ ਜਾਵੇਗਾ ਪਰ ਸੱਤਾ ਸੰਭਾਲਣ ਤੋਂ ਬਾਅਦ ਦੋਵੇਂ ਸਰਕਾਰਾਂ ਆਪਣੇ ਵਾਅਦੇ ਤੋਂ ਮੁਕਰ ਗਈਆਂ ਹਨ।
ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਅਤੇ ਹੈੱਲਪਰਾਂ ਨੂੰ ਦਿੱਲੀ ਪੈਟਰਨ ਦੇ ਆਧਾਰ 'ਤੇ ਮਾਣ ਭੱਤਾ ਦਿੱਤਾ ਜਾਵੇ। ਵਰਕਰਾਂ ਅਤੇ ਹੈੱਲਪਰਾਂ ਨੂੰ ਲਾਭ ਦੇਣ ਵਾਲੇ ਸਾਰੇ ਤਰ੍ਹਾਂ ਦੇ ਬਿਲ ਪਾਸ ਕੀਤੇ ਜਾਣ। ਉਨ੍ਹਾਂ ਰੋਸ ਲਹਿਜੇ ਵਿਚ ਕਿਹਾ ਕਿ ਕਾਫੀ ਸਮਾਂ ਉਡੀਕ ਕਰਨ ਦੇ ਬਾਵਜੂਦ ਜਦੋਂ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਹੋਈ ਤਾਂ ਅਖੀਰ ਰੋਸ ਮੁਜ਼ਾਹਰੇ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਜਸਵਿੰਦਰ ਕੌਰ, ਪਰਮਜੀਤ ਕੌਰ, ਨੀਲਮ ਰਾਣੀ, ਜਸਬੀਰ ਕੌਰ, ਪਰਦੀਪ ਕੌਰ, ਕੁਲਵੰਤ ਕੌਰ, ਕ੍ਰਿਸ਼ਨਾ ਦੇਵੀ, ਮਹੇਸ਼ ਕੁਮਾਰੀ, ਹਰਵਿੰਦਰ ਕੌਰ, ਸੰਤੋਸ਼ ਕੁਮਾਰੀ, ਮਨਜੀਤ ਕੌਰ, ਤੰਮਨਾ, ਸੁਮਨ, ਸੁਨੀਤਾ ਦੇਵੀ, ਪੂਨਮ, ਆਰਤੀ, ਸੋਨੀਆ, ਨੀਨਾ ਆਦਿ ਹਾਜ਼ਰ ਸਨ।