ਅਨੰਦਪੁਰ ਸਾਹਿਬ ਸੜਕ ਉਸਾਰੀ ਤੋਂ ਮੁੱਕਰੀ ਮੋਦੀ ਸਰਕਾਰ : ਨਿਮਿਸ਼ਾ ਮਹਿਤਾ

06/24/2019 5:59:50 PM

ਹੁਸ਼ਿਆਰਪੁਰ : ਬੰਗਾ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਨੂੰ ਚਾਰ ਲੇਨ ਸੜਕ ਦੇ ਤੌਰ 'ਤੇ ਵਿਕਸਿਤ ਕਰਨ ਦਾ ਦੋ ਵਾਰ ਐਲਾਨ ਕਰਕੇ ਅਤੇ ਦੋਹਰੀ ਵਾਰ ਉਦਘਾਟਨ ਕਰਕੇ ਕੇਂਦਰ ਦੀ ਮੋਦੀ ਸਰਕਾਰ ਨੇ ਇਸ ਸੜਕ ਦਾ ਵਿਕਾਸ ਕਰਨ ਦਾ ਕੰਮ ਰੱਦ ਕਰ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਬੁਲਾਰਾ ਨਿਮਿਸ਼ਾ ਮਹਿਤਾ ਦੀ ਅਗਵਾਈ ਵਿਚ ਹਲਕਾ ਗੜ੍ਹਸ਼ੰਕਰ ਦੇ ਲੋਕਾਂ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਫਗਵਾੜਾ ਸਥਿਤ ਨਿਵਾਸ ਦਾ ਘਿਰਾਓ ਕੀਤਾ ਅਤੇ ਉਥੇ ਧਰਨਾ ਲਗਾਇਆ। ਇਸ ਮੌਕੇ ਬੋਲਦਿਆਂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਸੜਕ ਮੰਤਰੀ ਨਿਤਿਨ ਗਡਕਰੀ ਨੇ 2014 ਤੋਂ 2019 ਤਕ ਦੋ ਵਾਰ ਇਸ ਸੜਕ ਦੀ ਮਨਜ਼ੂਰੀ ਦਾ ਐਲਾਨ ਕੀਤਾ ਅਤੇ ਪਹਿਲਾਂ ਹਿਮਾਚਲ ਪ੍ਰਦੇਸ਼ ਅਤੇ ਫਿਰ ਪੰਜਾਬ ਦੇ ਫਗਵਾੜਾ ਸ਼ਹਿਰ ਵਿਚ ਇਸ ਸੜਕ ਦਾ ਬਕਾਇਦਾ ਉਦਘਾਟਨ ਵੀ ਕੀਤਾ ਗਿਆ। ਉਨ੍ਹਾਂ 581 ਕਰੋੜ ਰੁਪਏ ਦੀ ਲਾਗਤ ਨਾਲ ਬੰਗਾ ਤੋਂ ਸ੍ਰੀ ਅਨੰਦਪੁਰ ਸਾਹਿਬ ਹੁੰਦਿਆਂ ਨੈਣਾ ਦੇਵੀ ਤਕ ਜਾਣ ਵਾਲੀ ਇਸ 67 ਕਿਲੋਮੀਟਰ ਲੰਮੀ ਸੜਕ ਨੂੰ ਚਹੁੰ ਮਾਰਗੀ ਬਨਾਉਣ ਦਾ ਉਦਘਾਟਨ ਕੀਤਾ ਸੀ ਪਰ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਅੱਜ ਕੇਂਦਰ ਦੀ ਮੋਦੀ ਸਰਕਾਰ ਨੇ ਇਸ ਸੜਕ ਨੂੰ ਚਹੁੰ ਮਾਰਗੀ ਤਾਂ ਕੀ ਇਸ ਦੇ ਕਿਸੇ ਵੀ ਕਿਸਮ ਦੇ ਵਿਕਾਸ ਕਰਨ ਤੋਂ ਨਾਂਹ ਕਰ ਦਿੱਤੀ ਹੈ।

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਆਪਣੇ ਆਪ ਨੂੰ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਅਤੇ ਭਾਜਪਾ ਹਿੰਦੂਆਂ ਦੇ ਹੱਕਾਂ ਲਈ ਖੜਨ ਵਾਲੀ ਪਾਰਟੀ ਹੋਣ ਦਾ ਦਾਅਵਾ ਕਰਦੀਆਂ ਹਨ ਪਰ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਨੂੰ ਜਾਣ ਵਾਲੀ ਸੜਕ ਦਾ ਕੰਮ ਰੱਦ ਕਰਕੇ ਇਨ੍ਹਾਂ ਸਿੱਖ ਅਤੇ ਹਿੰਦੂ ਸ਼ਰਧਾਲੂਆਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਕੀ ਮੋਦੀ ਦੀ ਕੈਬਨਿਟ ਦੇ ਮੰਤਰੀ ਝੂਠੇ ਹਨ ਜੋ ਉਦਘਾਟਨ ਕਰਕੇ ਮੁੱਕਰ ਜਾਂਦੇ ਹਨ ਜਾਂ ਬੰਗਾ-ਅਨੰਦਪੁਰ ਸਾਹਿਬ ਰੋਡ ਦਾ ਉਦਘਾਟਨ ਅਕਾਲੀ-ਭਾਜਪਾ ਨੇ ਸਿਰਫ ਵੋਟਾਂ ਅਗਰਾਹੁਣ ਲਈ ਕਰਵਾਇਆ ਸੀ? ਕੀ ਬੰਗਾ-ਸ੍ਰੀ ਅਨੰਦਪੁਰ ਸਾਹਿਬ ਰੋਡ ਨੂੰ ਫੋਰ ਲੇਨ ਦਾ ਐਲਾਨ ਸਿਰਫ ਡਰਾਮੇਬਾਜ਼ੀ ਸੀ? 

ਅੱਗੇ ਬੋਲਦੇ ਹੋਏ ਕਾਂਗਰਸੀ ਆਗੂ ਨੇ ਕਿਹਾ ਕਿ ਫਿਲਹਾਲ ਤਾਂ ਗੜ੍ਹਸ਼ੰਕਰ ਵਾਸੀ ਉਨ੍ਹਾਂ ਦੇ ਹਲਕੇ 'ਚੋਂ ਗੁਜ਼ਰਨ ਵਾਲੀ ਬੰਗਾ-ਸ੍ਰੀ ਅਨੰਦਪੁਰ ਸਾਹਿਬ ਸੜਕ ਦੇ ਮਾਮਲੇ ਵਿਚ ਪੰਜਾਬੀਆਂ ਨਾਲ ਮੋਦੀ ਸਰਕਾਰ ਵਲੋਂ ਕੀਤੀ ਧੋਖਾਧੜੀ ਨੂੰ ਲੈ ਕੇ ਸਿਰਫ ਚਿਤਾਵਨੀ ਦੇਣ ਆਏ ਹਨ ਜੇਕਰ ਉਨ੍ਹਾਂ ਨੂੰ ਇਸ ਸੜਕ ਦੇ ਵਿਕਾਸ ਸੰਬੰਧੀ ਵਾਜਬ ਜਵਾਬ ਨਾ ਮਿਲਿਆ ਤਾਂ ਉਹ ਪੰਜਾਬੀਆਂ ਦੇ ਹੱਕਾਂ ਦਾ ਕਤਲ ਕਰਵਾਉਣ ਲਈ ਜ਼ਿੰਮੇਵਾਰ ਅਕਾਲੀ-ਭਾਜਪਾ ਦੀ ਇੱਟ ਨਾਲ ਇੱਟ ਵਜਾ ਦੇਣਗੇ। ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਗੜ੍ਹਸ਼ੰਕਰ ਮਾਸਟਰ ਸਰਵਣ ਰਾਮ, ਕੌਂਸਲਰ ਰੀਟਾ ਰਾਣੀ, ਅਮਨਦੀ ਬੈਂਸ, ਜਤਿੰਦਰ ਸੋਨੂੰ, ਪ੍ਰਧਾਨ ਕਿਸਾਨ ਸੈੱਲ ਬਲਵੀਰ ਬਿੰਜੋਂ, ਯੂਥ ਆਗੂ ਬਿੰਦੂ ਭੂਬਲਾ, ਨਛੱਤਰ ਸਿੰਘ ਸੱਤਾ ਡੰਡੇਵਾਲ, ਕੁਲਦੀਪ ਸਿੰਘ, ਸਰਪੰਚ ਕੁਲਵਿੰਦਰ ਕੌਰ, ਜਸਬੀਰ ਕੌਰ ਤੋਂ ਇਲਾਵਾ ਅਨੇਕਾਂ ਸਰਪੰਚ ਪੰਚ ਅਤੇ ਕਾਂਗਰਸੀ ਆਗੂ ਸ਼ਾਮਲ ਸਨ।

Gurminder Singh

This news is Content Editor Gurminder Singh