ਨਵੇਂ ਸਾਲ ਮੌਕੇ ਸ੍ਰੀ ਦਰਬਾਰ ਸਾਹਿਬ ’ਚ ਵੱਡੀ ਘਟਨਾ, ਖੁਦ ਨੂੰ ਵਕੀਲ ਦੱਸਣ ਵਾਲੇ ਦੀ ਕਰਤੂਤ ਨੇ ਉਡਾਏ ਹੋਸ਼

01/01/2023 6:49:24 PM

ਅੰਮ੍ਰਿਤਸਰ (ਸਰਬਜੀਤ) : ਸ੍ਰੀ ਦਰਬਾਰ ਸਾਹਿਬ ਪਰਿਕਰਮਾ ਵਿਚ ਤੈਨਾਤ ਸੇਵਾਦਾਰਾਂ ਦੀ ਮੁਸ਼ਤੈਦੀ ਕਾਰਣ ਅੱਜ ਬੇਅਦਬੀ ਦੀ ਇਕ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ। ਦਰਅਸਲ ਦੁਪਹਿਰ ਸਮੇਂ ਇਕ ਵਿਅਕਤੀ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਸ਼ਰਾਬ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪਲਾਜ਼ਾ ਤੋਂ ਪਰਿਕਰਮਾਂ ਤਕ ਜਾਂਦੀ ਲਿਫਟ ਵਿਚ ਨਾਲ ਜਾ ਰਹੇ ਇਕ ਸੇਵਾਦਾਰ ਨੂੰ ਉਕਤ ਦੀ ਹਰਕਤ ’ਤੇ ਸ਼ੱਕ ਪਿਆ ਤਾਂ ਉਨ੍ਹਾਂ ਨੇ ਉਕਤ ਨੂੰ ਤੁਰੰਤ ਕਾਬੂ ਕਰ ਲਿਆ। ਉਕਤ ਵਿਅਕਤੀ ਉਸ ਸਮੇਂ ਵੀ ਨਸ਼ੇ ਦੀ ਹਾਲਤ ਵਿਚ ਲੱਗ ਰਿਹਾ ਸੀ। ਦੁਪਹਿਰ ਸਮੇਂ ਕਾਨਪੁਰ ਤੋਂ ਆਏ ਸੁਮਿਤ ਨਾਮਕ ਵਿਅਕਤੀ ਕੋਲ ਸ਼ਰਾਬ ਦਾ ਇਕ ਕਵਾਟਰ ਸੀ ਜੋ ਉਸ ਨੇ ਜੈਕਟ ਹੇਠਾਂ ਲੁਕਾਇਆ ਹੋਇਆ ਸੀ। ਜਦੋਂ ਉਹ ਪਰਿਕਰਮਾ ਵਿਚ ਦਾਖਲ ਹੋਣ ਲਈ ਲਿਫਟ ਰਾਹੀਂ ਉਤਰ ਰਿਹਾ ਸੀ ਤਾਂ ਉਸ ’ਤੇ ਸ਼ੱਕ ਪੈ ਜਾਣ ਕਾਰਨ ਇਕ ਸੇਵਾਦਾਰ ਨੇ ਉਕਤ ਦੀ ਤਲਾਸ਼ੀ ਲਈ ਅਤੇ ਉਸ ਕੋਲੋਂ ਸ਼ਰਾਬ ਬਰਾਮਦ ਹੋ ਗਈ। 

ਇਹ ਵੀ ਪੜ੍ਹੋ : ਨਵੇਂ ਸਾਲ ਦੀ ਆਮਦ ’ਤੇ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਰਾਤ ਨੂੰ ਸੁੱਤੇ ਦੋ ਭਰਾ ਸਵੇਰੇ ਨਾ ਉੱਠੇ

ਇਸ ਦੀ ਸੂਚਨਾ ਤੁਰੰਤ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਮਾਂਗਾ ਸਰਾਏ ਨੂੰ ਦਿੱਤੀ ਗਈ, ਜਿਨ੍ਹਾਂ ਦੇ ਹੁਕਮਾਂ ’ਤੇ ਇਸ ਵਿਅਕਤੀ ਨੂੰ ਗਲਿਆਰਾ ਚੌਕੀ ਵਿਚ ਐੱਸ. ਐੱਚ. ਓ. ਪਰਮਜੀਤ ਸਿੰਘ ਦੇ ਹਵਾਲੇ ਕਰ ਦਿੱਤਾ। ਸਖ਼ਤੀ ਨਾਲ ਪੁੱਛਗਿੱਛ ਕਰਨ ’ਤੇ ਉਕਤ ਨੇ ਦੱਸਿਆ ਕਿ ਉਹ ਕਾਨਪੁਰ ਦਾ ਰਹਿਣ ਵਾਲਾ ਹੈ ਅਤੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਆਇਆ ਸੀ। ਸ਼ਰਾਬ ਉਸ ਨੇ ਕਾਰ ਵਿਚ ਰੱਖਣੀ ਸੀ ਪਰ ਉਹ ਗਲਤੀ ਨਾਲ ਆਪਣੇ ਨਾਲ ਲੈ ਆਇਆ। ਉਕਤ ਮੁਤਾਬਿਕ ਉਹ ਪੇਸ਼ੇ ਵਜੋਂ ਵਕੀਲ ਹੈ। ਪੁਲਸ ਨੇ ਉਸ ਕੋਲੋਂ ਮੁੱਢਲੀ ਪੁੱਛਗਿੱਛ ਕਰਕੇ ਅਗਲੇਰੀ ਕਾਰਵਾਈ ਕਰਦਿਆਂ ਉਸ ਨੂੰ ਥਾਣਾ ਕੋਤਵਾਲੀ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਸਾਲ 2023 ਵਿਚ ਸਾਹਮਣੇ ਆਏ ਇਹ ਦਿਲਚਸਪ ਪਹਿਲੂ, ਜਾਣ ਕੇ ਹੋਵੋਗੇ ਹੈਰਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh