ਅੰਮ੍ਰਿਤਸਰ 'ਚ ਗੁੰਡਾਗਰਦੀ, ਸ਼ਰੇਆਮ ਬਾਜ਼ਾਰ 'ਚ ਨੌਜਵਾਨ ਨੂੰ ਮਾਰੀਆਂ ਗੋਲੀਆ

03/04/2020 11:44:15 AM

ਅੰਮ੍ਰਿਤਸਰ (ਸੰਜੀਵ, ਸੁਮਿਤ) : ਦੇਰ ਰਾਤ ਚੌਕੀ ਗੁਜਰਪੁਰਾ ਤੋਂ 100 ਮੀਟਰ ਦੀ ਦੂਰੀ 'ਤੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਦਰਜਨ ਦੇ ਕਰੀਬ ਗੈਂਗਸਟਰਾਂ ਨੇ ਸਰੇ ਬਾਜ਼ਾਰ 12ਵੀਂ ਦੇ ਵਿਦਿਆਰਥੀ ਰੋਹਿਤ ਸ਼ਰਮਾ ਨੂੰ ਗੋਲੀਆਂ ਮਾਰ ਕੇ ਅਤੇ ਉਸ ਦੇ ਦੋਸਤ ਸਾਗਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ। ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੀ ਥਾਣਾ ਸੀ-ਡਵੀਜ਼ਨ ਦੀ ਪੁਲਸ ਨੇ ਸੜਕ 'ਤੇ ਖਿੱਲਰੇ ਦਰਜਨਾਂ ਗੋਲੀਆਂ ਦੇ ਖੋਲ ਬਰਾਮਦ ਕੀਤੇ। ਫਿਲਹਾਲ ਪੁਲਸ ਆਪਣੀ ਇਸ ਨਾਲਾਇਕੀ 'ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ, ਜਦਕਿ ਪੂਰੇ ਗੁਜਰਪੁਰਾ ਖੇਤਰ ਵਿਚ ਇਸ ਵਾਰਦਾਤ ਤੋਂ ਬਾਅਦ ਤਣਾਅ ਹੈ।

ਇਹ ਹੈ ਮਾਮਲਾ?
ਦੇਰ ਰਾਤ 8.30 ਵਜੇ ਦੇ ਕਰੀਬ ਗੁਜਰਪੁਰਾ ਸਥਿਤ ਹਿੰਮਤਪੁਰਾ ਦੇ ਕਰਨ ਕੁਮਾਰ ਦੀ ਕੁਝ ਬਦਮਾਸ਼ਾਂ ਨਾਲ ਲੜਾਈ ਹੋ ਗਈ। ਇਸ ਦੌਰਾਨ ਉਹ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਕਰਨ ਦੇ ਭਰਾ ਰੋਹਿਤ ਅਤੇ ਉਸ ਦੇ ਦੋਸਤ ਸਾਗਰ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ 'ਚ ਲਵ, ਰਿੰਕਾ, ਲੇਟ, ਰੌਕ, ਬੰਟੀ, ਭੂੰਡ, ਗੋਪੀ ਅਤੇ ਕੁਝ ਅਣਪਛਾਤੇ ਨੌਜਵਾਨ ਸ਼ਾਮਲ ਸਨ। ਉਨ੍ਹਾਂ ਨੇ ਰੋਹਿਤ ਨੂੰ ਮਾਰਨ ਦੀ ਨੀਅਤ ਨਾਲ ਉਸ 'ਤੇ ਗੋਲੀਆਂ ਚਲਾਈਆਂ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਸ ਦੇ ਦੋਸਤ ਸਾਗਰ ਨੂੰ ਫੜਿਆ ਅਤੇ ਉਸ 'ਤੇ ਤੇਜ਼ਧਾਰ ਦਾਤਰ ਨਾਲ ਵਾਰ ਕੀਤੇ। ਰੋਹਿਤ ਅਤੇ ਸਾਗਰ 12ਵੀਂ ਜਮਾਤ ਦੇ ਵਿਦਿਆਰਥੀ ਹਨ, ਜੋ ਅੱਜ ਆਪਣਾ ਪੇਪਰ ਦੇਣ ਦੇ ਬਾਅਦ ਪ੍ਰੈਕਟੀਕਲ ਦੀ ਤਿਆਰੀ ਕਰਨ ਜਾ ਰਹੇ ਸਨ। ਜਦੋਂ ਕਰਨ ਨੇ ਆਪਣੇ ਭਰਾ 'ਤੇ ਹੋ ਰਹੇ ਹਮਲੇ 'ਚ ਉਸ ਦਾ ਬਚਾਅ ਕਰਨਾ ਚਾਹਿਆ ਤਾਂ ਬਦਮਾਸ਼ਾਂ ਨੇ ਉਸ 'ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਬਾਜ਼ਾਰ ਵਿਚ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ।

ਸਵੇਰ 4 ਤੋਂ ਰਾਤ 12 ਵਜੇ ਤੱਕ ਵਿਕਦੈ ਨਸ਼ਾ
ਇਲਾਕਾ ਵਾਸੀ ਸੁਖਵਿੰਦਰ ਸਿੰਘ ਸ਼ੈਂਕੀ ਦਾ ਕਹਿਣਾ ਹੈ ਕਿ ਗੁਜਰਪੁਰਾ ਵਿਚ ਸਵੇਰੇ 4 ਤੋਂ ਰਾਤ 12 ਵਜੇ ਤੱਕ ਹੋਣ ਵਾਲੇ ਨਾਜਾਇਜ਼ ਧੰਦੇ ਪੁਲਸ ਦੀ ਸਰਪ੍ਰਸਤੀ 'ਚ ਚੱਲ ਰਹੇ ਹਨ। ਪੁਲਸ ਨਹੀਂ ਚਾਹੁੰਦੀ ਕਿ ਇਸ ਖੇਤਰ ਨੂੰ ਸੁਧਾਰਿਆ ਜਾਵੇ। ਕਿਸੇ ਵੀ ਵਿਅਕਤੀ ਨੂੰ ਇੱਥੇ ਹਰ ਤਰ੍ਹਾਂ ਦਾ ਨਸ਼ਾ ਉਪਲੱਬਧ ਹੋ ਜਾਂਦਾ ਹੈ। ਥਾਣਾ ਸੀ-ਡਵੀਜ਼ਨ ਅਤੇ ਚੌਕੀ ਗੁਜਰਪੁਰਾ ਦੀਆਂ ਲਾਪਰਵਾਹੀਆਂ ਕਾਰਣ ਇਸ ਇਲਾਕੇ 'ਚ ਗੁੰਡਾਗਰਦੀ ਇਸ ਕਦਰ ਵੱਧ ਚੁੱਕੀ ਹੈ ਕਿ ਆਮ ਆਦਮੀ ਦਾ ਇਥੋਂ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਹੈ। ਅੱਜ ਦੀ ਘਟਨਾ ਨੇ ਪੁਲਸ ਦੀ ਕਾਰਗੁਜ਼ਾਰੀ 'ਤੇ ਇਕ ਵਾਰ ਫਿਰ ਤੋਂ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ।

ਥਾਣਾ ਮੁਖੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ
ਗੁਜਰਪੁਰਾ ਵਿਚ ਹੋਈ ਗੁੰਡਾਗਰਦੀ ਦੇ ਬਾਰੇ ਵਿਚ ਥਾਣਾ ਸੀ-ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇਸ 'ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਸਨ।

ਕੇਸ ਦਰਜ , ਛਾਪੇਮਾਰੀ ਜਾਰੀ : ਏ. ਡੀ. ਸੀ. ਪੀ.
ਏ. ਡੀ. ਸੀ. ਪੀ. ਹਰਜੀਤ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

ਪੁਲਸ ਕਮਿਸ਼ਨਰ ਨੇ ਇਲਾਕਾ ਵਾਸੀਆਂ ਨਾਲ ਇਕ ਦਿਨ ਪਹਿਲਾਂ ਕੀਤੀ ਸੀ ਮੀਟਿੰਗ
ਅੱਜ ਜਿੱਥੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਉਥੇ ਹੀ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿਲ ਨੇ ਪਿਛਲੀ ਸ਼ਾਮ ਇਸ ਗੁਜਰਪੁਰਾ ਖੇਤਰ ਦੀ ਚੌਕੀ ਵਿਚ ਪਬਲਿਕ ਨਾਲ ਇਕ ਮੀਟਿੰਗ ਕੀਤੀ ਸੀ। ਇਸ ਦੌਰਾਨ ਇਲਾਕੇ 'ਚ ਨਸ਼ੇ ਦੀ ਰੋਕਥਾਮ ਅਤੇ ਗੁੰਡਾਗਰਦੀ 'ਤੇ ਚਰਚਾ ਹੋਈ ਸੀ। ਪੁਲਸ ਕਮਿਸ਼ਨਰ ਨੇ ਕਰਮਚਾਰੀਆਂ ਨੂੰ ਪੂਰੀ ਸਰਗਰਮੀ ਨਾਲ ਖੇਤਰ ਵਿਚ ਡਿਊਟੀ ਕਰਨ ਦੀ ਨਸੀਹਤ ਦੇ ਕੇ ਗਏ ਸਨ ਅਤੇ ਇਹ ਵੀ ਨਿਰਦੇਸ਼ ਜਾਰੀ ਕੀਤੇ ਸਨ ਕਿ ਖੇਤਰ 'ਚ ਵਿਕਣ ਵਾਲੇ ਨਸ਼ੇ ਦੀ ਰੋਕਥਾਮ 'ਤੇ ਪੂਰੀ ਕਾਰਵਾਈ ਕੀਤੀ ਜਾਵੇ। ਅੱਜ ਦੀ ਗੁੰਡਾਗਰਦੀ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਖੇਤਰ ਦੇ ਥਾਣੇਦਾਰ ਆਪਣੀ ਮਨਮਰਜ਼ੀ ਨਾਲ ਕੰਮ ਕਰਦੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Baljeet Kaur

This news is Content Editor Baljeet Kaur