ਮਲੇਸ਼ੀਆ ਟ੍ਰੇਨਿੰਗ ਲੈਣ ਗਏ ਪੰਜਾਬੀ ਦੀ ਬੇੜੀ ਸਮੁੰਦਰ ''ਚ ਡੁੱਬੀ, ਬਿਲਖਦੇ ਮਾਪਿਆਂ ਨੇ ਆਪਾ ਗੁਆਇਆ

09/24/2016 1:09:31 PM

ਅੰਮ੍ਰਿਤਸਰ : ਮਰਚੈਂਟ ਨੇਵੀ ''ਚ ਭਰਤੀ ਹੋਣ ਲਈ ਮਲੇਸ਼ੀਆਂ ''ਚ ਟ੍ਰੇਨਿੰਗ ਲੈਣ ਗਏ ਪੰਜਾਬੀ ਨੌਜਵਾਨ ਦੀ ਬੇੜੀ ਸਮੁੰਦਰ ''ਚ ਡੁੱਬਣ ਕਾਰਨ ਮੌਤ ਹੋ ਗਈ। ਆਪਣੇ ਇਕਲੌਤੇ ਪੁੱਤ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਮਾਪਿਆਂ ਨੇ ਬਿਲਖ-ਬਿਲਖ ਕੇ ਆਪਣਾ ਆਪ ਗੁਆ ਲਿਆ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪੂਰੇ ਇਲਾਕੇ ''ਚ ਮਾਤਮ ਛਾਇਆ ਹੋਇਆ ਹੈ ਅਤੇ ਉਸ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਜ਼ੋਰਾਵਰ ਸਿੰਘ (20) ਦੇ ਪਿਤਾ ਤੇਜਪਾਲ ਸਿੰਘ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਬੇਟੇ ਦੀ ਮੌਤ ਦੀ ਜਾਣਕਾਰੀ ਉਸ ਦੇ ਸਾਥੀ ਨੇ ਫੋਨ ''ਤੇ ਹੀ ਉਨ੍ਹਾਂ ਨੂੰ ਦਿੱਤੀ, ਜੋ ਕਿ ਖੁਦ ਉਸ ਬੇੜੀ ''ਚ ਸਵਾਰ ਸੀ ਪਰ ਉਸ ਨੂੰ ਤੈਰਨਾ ਆਉਂਦਾ ਸੀ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਤੇਜਪਾਲ ਸਿੰਘ ਨੇ ਦੱਸਿਆ ਕਿ ਜ਼ੋਰਾਵਰ ਸਿੰਘ ਨੇ ਮਰਚੈਂਟ ਨੇਵੀ ''ਚ ਭਰਤੀ ਹੋਣ ਲਈ ਚਾਰ ਮਹੀਨੇ ਪਹਿਲਾਂ ਮੁੰਬਈ ਦੀ ਸ਼ਿਪਿੰਗ ਕੰਪਨੀ ''ਚ ਕੋਰਸ ਸ਼ੁਰੂ ਕੀਤਾ ਸੀ। ਇਸ ਕੋਰਸ ਤੋਂ ਬਾਅਦ ਕੰਪਨੀ ਨੇ ਡੇਢ ਸਾਲ ਦੀ ਟ੍ਰੇਨਿੰਗ ਲਈ 2.60 ਲੱਖ ਰੁਪਏ ਲੈ ਕੇ ਜ਼ੋਰਾਵਰ ਨੂੰ ਕਾਰਗੋ ਸ਼ਿਪ ''ਚ ਸਿੰਗਾਪੁਰ ਭੇਜ ਦਿੱਤਾ। ਜ਼ੋਰਾਵਰ ਨੇ 7 ਸਤੰਬਰ ਨੂੰ ਕਾਰਗੋ ਸ਼ਿਪ ''ਤੇ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਬੁੱਧਵਾਰ ਦੀ ਸ਼ਾਮ ਨੂੰ ਸ਼ਿਪ ਮਲੇਸ਼ੀਆ ਪੁੱਜਆਿ ਤਾਂ ਸਮੁੰਦਰ ਦੇ ਕਿਨਾਰੇ ਤੋਂ ਥੋੜ੍ਹੀ ਦੂਰ ਜ਼ੋਰਾਵਰ ਅਤੇ 2 ਹੋਰ ਭਾਰਤੀ ਨੌਜਵਾਨਾਂ ਨੂੰ ਇਕ ਬੇੜੀ ''ਚ ਬਿਠਾ ਦਿੱਤਾ ਗਿਆ, ਤਾਂ ਜੋ ਉਹ ਕਿਨਾਰੇ ''ਤੇ ਜਾ ਸਕਣ। ਇਸ ਦੌਰਾਨ ਨਾ ਤਾਂ ਜ਼ੋਰਾਵਰ ਨੂੰ ਲਾਈਫ ਜੈਕਟ ਦਿੱਤੀ ਗਈ ਅਤੇ ਨਾ ਹੀ ਕੰਪਨੀ ਨੇ ਉਸ ਨੂੰ ਤੈਰਨ ਦੀ ਟ੍ਰੇਨਿੰਗ ਦਿੱਤੀ ਸੀ। ਜਦੋਂ ਤਿੰਨੇ ਨੌਜਵਾਨ ਬੇੜੀ ''ਚ ਬੈਠ ਕੇ ਕਿਨਾਰੇ ਵੱਲ ਜਾ ਰਹੇ ਸਨ ਤਾਂ ਅਚਾਨਕ ਬੇੜੀ ਦਾ ਇੰਜਣ ਬੰਦ ਹੋ ਗਿਆ। ਇਸ ਦੌਰਾਨ ਪਾਣੀ ਦੀ ਤੇਜ਼ ਲਹਿਰ ਆਈ, ਜਿਸ ਨੇ ਬੇੜੀ ਨੂੰ ਪਲਟਾ ਦਿੱਤਾ। 
ਬੇੜੀ ਪਲਟ ਕੇ ਸਮੁੰਦਰ ''ਚ ਖੜ੍ਹੀ ਇਕ ਹੋਰ ਸ਼ਿਪ ਨਾਲ ਟਕਰਾ ਗਈ ਅਤੇ ਜ਼ੋਰਾਵਰ ਸਮੇਤ ਦੋਵੇਂ ਨੌਜਵਾਨ ਸਮੁੰਦਰ ''ਚ ਡਿਗ ਗਏ। ਜ਼ੋਰਾਵਰ ਦੇ ਦੋਹਾਂ ਸਾਥੀਆਂ ਨੂੰ ਤੈਰਨਾ ਆਉਂਦਾ ਸੀ, ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ ਪਰ ਜ਼ਰੋਵਾਰ ਤੈਰਾਕੀ ਤੋਂ ਅਣਜਾਣ ਹੋਣ ਕਾਰਨ ਆਪਣੀ ਜਾਨ ਨਾ ਬਚਾ ਸਕਿਆ। ਰਾਤ ਨੂੰ ਹਨ੍ਹੇਰਾ ਹੋਣ ਕਾਰਨ ਰੈਸਕਿਊ ਆਪਰੇਸ਼ਨ ਨਹੀਂ ਚਲਾਇਆ ਗਿਆ ਪਰ ਵੀਰਵਾਰ ਨੂੰ ਬੇੜੀ ਦੇ ਡਰਾਈਵਰ ਅਤੇ ਸ਼ੁੱਕਰਵਾਰ ਨੂੰ ਜ਼ੋਰਾਵਰ ਦੀ ਲਾਸ਼ ਬਰਾਮਦ ਕਰ ਲਈ ਗਈ। ਹੁਣ ਜ਼ੋਰਾਵਰ ਦੀ ਲਾਸ਼ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 

Babita Marhas

This news is News Editor Babita Marhas