ਸਿੱਖਾਂ ਨੂੰ ਲੈ ਕੇ ਅਮਰੀਕੀ ਸੈਨੇਟ 'ਚ ਵਿਸ਼ੇਸ਼ ਮਤਾ ਪਾਸ (ਵੀਡੀਓ)

01/04/2020 11:53:11 AM

ਅੰਮ੍ਰਿਤਸਰ (ਸੁਮਿਤ ਖੰਨਾ) : ਦੇਸ਼-ਵਿਦੇਸ਼ 'ਚ ਸਿੱਖਾਂ ਨੇ ਇਕ ਮਿਸਾਲ ਕਾਇਮ ਕੀਤੀ ਹੈ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿਥੇ ਦੁਨੀਆ ਭਰ 'ਚ ਸਮਾਗਮ ਹੋਏ ਸਨ ਉਥੇ ਹੀ ਯੂਨਾਈਟੇਡ ਸਟੇਟ ਆਫ ਅਮਰੀਕਾ ਨੇ ਸੈਨੇਟ 'ਚ ਇਕ ਮਤਾ ਪਾਸ ਕਰਕੇ ਪ੍ਰਮਾਣ ਦਿੱਤਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਪੂਰੀ ਦੁਨੀਆ 'ਚ ਲਾਗੂ ਹੋਣੀਆਂ ਚਾਹੀਦੀਆਂ ਹਨ। ਇਸ ਮਤੇ ਦੀ ਇਕ ਕਾਪੀ ਤੇ ਧੰਨਵਾਦ ਪੱਤਰ ਵੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਭੇਜਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖੀ ਦੇ ਪ੍ਰਚਾਰ ਲਈ ਕੰਮ ਕਰ ਰਹੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਤੇ 'ਚ ਸਿੱਖਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਮਾਨਤਾ ਦਿੱਤੀ ਗਈ ਹੈ। ਇਸ 'ਚ ਵਿਸਾਖੀ, ਖਾਲਸਾ ਪੰਥ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਮਹਾਨਤਾ ਬਾਰੇ ਦੱਸਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ 'ਚ ਵੀ ਪੰਜਾਬ ਵਾਂਗ ਸਿੱਖੀ ਸਮਾਗਮ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ 11 ਸੂਬਿਆਂ 'ਚ ਸਿੱਖ ਇਤਿਹਾਸ ਵੀ ਪੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵਿਦੇਸ਼ਾਂ 'ਚ ਸਿੱਖੀ ਦੇ ਪ੍ਰਚਾਰ ਨਾਲ ਨਸਲੀ ਹਮਲੇ ਵੀ ਘਟਣਗੇ।

Baljeet Kaur

This news is Content Editor Baljeet Kaur