ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਪੁਲਸ ਨੇ ਬਣਾਇਆ ਸੁਰੱਖਿਆ ਚੱਕਰਵਿਊ

10/11/2019 10:55:08 AM

ਅੰਮ੍ਰਿਤਸਰ (ਜ. ਬ.) : ਸ੍ਰੀ ਹਰਿਮੰਦਰ ਸਾਹਿਬ 'ਚ ਰੋਜ਼ਾਨਾਂ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਨਤਮਸਤਕ ਹੋਣ ਲਈ ਆਉਂਦੇ ਹਨ। ਇਸ ਦੇ ਮੱਦੇਨਜ਼ਰ ਪੁਲਸ ਵਲੋਂ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਗਏ ਹਨ। ਇਸ ਦੀ ਜ਼ਿੰਮੇਵਾਰੀ ਅਜਨਾਲਾ ਸੈਕਟਰ ਦੇ ਪਿੰਡ 'ਚ ਰਹਿਣ ਵਾਲਾ ਆਰਮੀ ਅਫਸਰ ਦੇ ਪੁੱਤ ਨਵ-ਨਿਯੁਕਤ ਏ. ਡੀ. ਸੀ. ਪੀ.-1 ਹਰਜੀਤ ਸਿੰਘ ਨੂੰ ਦਿੱਤੀ ਗਈ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕੀਤੇ ਹਨ। 24 ਘੰਟੇ ਪੁਲਸ ਪਹਿਰੇ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਪੁਲਸ ਗਸ਼ਤ 'ਤੇ ਰਹਿੰਦੀ ਹੈ। ਸ਼ਰਧਾਲੂਆਂ ਨੂੰ ਸੁਚੇਤ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ 'ਤੇ ਲਾਊਡ ਸਪੀਕਰ ਨਾਲ ਜਾਗਰੂਕ ਕੀਤੇ ਜਾਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਪੁਲਸ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਮਦਦ ਲਈ 24 ਘੰਟੇ ਹਾਜ਼ਰ ਹੈ। ਥਾਣਾ ਈ-ਡਵੀਜ਼ਨ 'ਚ ਟੂਰਿਸਟ ਹੈਲਪ ਸੈਂਟਰ ਬਣਾਉਣ ਦੀ ਤਿਆਰੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਦੀਵਾਲੀ ਕਾਰਣ ਪੁਲਸ ਨੇ ਸੁਰੱਖਿਆ ਦਾ ਚੱਕਰਵਿਊ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੀ ਅਗਵਾਈ 'ਚ ਤਿਆਰ ਕੀਤਾ ਹੈ।

ਹੋਟਲਾਂ ਵਾਲਿਆਂ ਨੂੰ ਨਿਰਦੇਸ਼- ਹਰ ਠਹਿਰਨ ਵਾਲੇ ਦਾ ਪਰੂਫ਼ ਲੱਗੇ ਨਾਲ
ਅੰਮ੍ਰਿਤਸਰ ਅਤਿ-ਸੰਵੇਦਨਸ਼ੀਲ ਸ਼ਹਿਰਾਂ 'ਚ ਸ਼ੁਮਾਰ ਹੈ। ਸ਼ਹਿਰ ਦੇ ਸਾਰੇ ਹੋਟਲ ਪ੍ਰਬੰਧਕਾਂ ਨਾਲ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਨੇ ਬੈਠਕ ਕਰ ਕੇ ਸਕਿਓਰਿਟੀ ਦੇ ਮੱਦੇਨਜ਼ਰ ਹਰੇਕ ਯਾਤਰੀ ਦੇ ਆਧਾਰ ਕਾਰਡ ਦੀ ਕਾਪੀ ਰੱਖਣ ਨੂੰ ਕਿਹਾ ਹੈ, ਨਾਲ ਹੀ ਸਾਰੇ ਹੋਟਲਾਂ ਵਾਲਿਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ 1 ਕਮਰੇ 'ਚ ਜਿੰਨੇ ਵੀ ਲੋਕ ਠਹਿਰਦੇ ਹਨ, ਉਨ੍ਹਾਂ ਦੇ ਵੱਖ-ਵੱਖ ਪਰੂਫ਼ ਵੀ ਜਮ੍ਹਾ ਕੀਤੇ ਜਾਣ।

ਦੀਵਾਲੀ ਤੋਂ ਪਹਿਲਾਂ ਸ਼ਹਿਰ ਨੂੰ ਮਿਲੇਗੀ 'ਟੂਰਿਸਟ ਪੁਲਸ'
ਦੀਵਾਲੀ ਤੋਂ ਪਹਿਲਾਂ ਹੀ ਸ਼ਹਿਰ ਨੂੰ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਹੈਲਪ ਅਤੇ ਉਨ੍ਹਾਂ ਦੇ ਸੁਝਾਅ 'ਤੇ ਅਮਲ ਕਰਨ ਲਈ ਖਾਸ ਤੌਰ 'ਤੇ 'ਟੂਰਿਸਟ ਪੁਲਸ' ਦਾ ਦਲ ਤਿਆਰ ਕੀਤਾ ਜਾ ਰਿਹਾ ਹੈ। ਇਹ ਪੁਲਸ ਸ੍ਰੀ ਹਰਿਮੰਦਰ ਸਾਹਿਬ ਅਤੇ ਜਲਿਆਂਵਾਲਾ ਬਾਗ ਦੇ ਨਾਲ-ਨਾਲ ਸ਼ਹਿਰ ਦੇ ਉਨ੍ਹਾਂ ਸਥਾਨਾਂ 'ਤੇ ਖਾਸ ਤੌਰ 'ਤੇ ਤਾਇਨਾਤ ਰਹੇਗੀ, ਜਿਥੇ ਟੂਰਿਸਟ ਜਾਂ ਸ਼ਰਧਾਲੂ ਪਹੁੰਚ ਰਹੇ ਹਨ। ਅਜਿਹੇ 'ਚ ਫਰਾਟੇਦਾਰ ਅੰਗਰੇਜ਼ੀ ਬੋਲਣ ਵਾਲਾ ਸਟਾਫ ਹੋਵੇਗਾ। ਟੂਰਿਸਟ ਪੁਲਸ ਵਿਚ ਔਰਤਾਂ ਦੀ ਭਾਗਦਾਰੀ ਵੀ ਹੋਵੇਗੀ।

Baljeet Kaur

This news is Content Editor Baljeet Kaur