ਗੁਰੂ ਨਗਰੀ 'ਚ ਬੇਅਦਬੀ : ਟਰੰਕ 'ਚ ਬੰਦ ਕਰਕੇ ਰੱਖਿਆ ਗੁਰੂ ਮਹਾਰਾਜ ਜੀ ਦਾ ਸਰੂਪ

09/29/2019 11:17:40 AM

ਅੰਮ੍ਰਿਤਸਰ (ਸੁਮਿਤ ਖੰਨਾ) :  ਅੰਮ੍ਰਿਤਸਰ ਦੇ ਭਾਈ ਮੰਝ ਸਿੰਘ ਰੋਡ 'ਤੇ ਪੈਂਦੇ ਇਕ ਘਰ 'ਚ ਇਕ ਬਜ਼ੁਰਗ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਟਕਾ ਸਾਹਿਬਾਨ ਨੂੰ ਬੜੇ ਹੀ ਮੰਦੇ ਹਾਲ 'ਚ ਬੇਅਦਬੀ ਕੀਤੀ ਗਈ। ਬਜ਼ੁਰਗ ਨੇ ਜਿਸ ਹਾਲ 'ਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਗੁਟਕਾ ਸਾਹਿਬਾਨ ਰੱਖੇ ਸਨ, ਉਸਨੂੰ ਵੇਖ ਕੇ ਸਿੱਖ ਸੰਗਤਾਂ ਦਾ ਦਿਲ ਕੁਰਲਾ ਉਠਿਆ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਕ ਟਰੰਕ 'ਚ ਬੰਦ ਸੀ, ਜਿਸਦੇ ਨਾਲ ਗੰਦੇ-ਮੰਦੇ ਕੱਪੜੇ, ਧਾਗੇ-ਤਵੀਤ ਤੇ ਪੁਰਾਣੇ ਬਰੱਸ਼ ਰੱਖੇ ਹੋਏ ਸਨ, ਜਦਕਿ ਇਕ ਗੰਦੇ ਤੋੜੇ 'ਚੋਂ ਸੈਂਕੜੇ ਗੁਟਕਾ ਸਾਹਿਬਾਨ ਤੇ ਕੁਝ ਪੋਥੀਆਂ ਮਿਲੀਆਂ, ਜਿਨ੍ਹਾਂ ਦੇ ਅੰਗ ਚੂਹਿਆਂ ਨੇ ਕੁਤਰੇ ਹੋਏ ਸਨ। ਤੋੜੇ 'ਚੋਂ ਚੂਹੀਆਂ ਤੇ ਟਿੱਡੀਆਂ ਵੀ ਨਿਕਲੀਆਂ।

ਦਰਅਸਲ, ਸ੍ਰੀ ਅਕਾਲ ਤਖਤ ਸਾਹਿਬ 'ਤੇ ਕਿਸੇ ਨੇ ਸ਼ਿਕਾਇਤ ਕੀਤੀ ਸੀ ਕਿ ਹਰਨਾਮ ਸਿੰਘ ਨਾਂ ਦੇ ਬਜ਼ੁਰਗ ਵਲੋਂ ਆਪਣੇ ਘਰ 'ਚ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਜਾ ਰਹੀ ਹੈ, ਜਿਸ 'ਤੇ ਸ਼੍ਰੋਮਣੀ ਕਮੇਟੀ ਦੀ ਟੀਮ ਤੇ ਸਿਰਲੱਥ ਖਾਲਸਾ ਦੇ ਮੈਂਬਰ ਆਣ ਕੇ ਸਤਿਕਾਰ ਸਹਿਤ ਗੁਰੂ ਮਹਾਰਾਜ ਦਾ ਸਰੂਪ ਆਪਣੇ ਨਾਲ ਲੈ ਗਏ।


ਇਸ ਸਾਰੇ ਮਾਮਲੇ ਬਾਰੇ ਜਦੋਂ ਬਜ਼ੁਰਗ ਹਰਨਾਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਪਹਿਲਾਂ ਤਾਂ ਉਹ ਮੀਡੀਆ 'ਤੇ ਹੀ ਭੜਕ ਪਿਆ ਤੇ ਫਿਰ ਆਪਣੀ ਗਲਤੀ ਮੰਨਦਿਆਂ ਕਹਿਣ ਲੱਗਾ ਕਿ ਬੀਮਾਰ ਹੋਣ ਕਰਕੇ ਉਸਨੇ ਸਰੂਪ ਸੰਭਾਲ ਦਿੱਤੇ ਸਨ। ਇਸ ਘਟਨਾ ਤੋਂ ਬਾਅਦ ਸਿੱਖ ਸੰਗਤਾਂ 'ਚ ਭਾਰੀ ਰੋਸ ਹੈ ਤੇ ਉਨ੍ਹਾਂ ਵਲੋਂ ਬਜ਼ੁਰਗ ਖਿਲਾਫ ਬਣਦੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਸ ਵਲੋਂ ਮਾਮਲੇ ਦੀ ਜਾਂਚ ਉਪਰੰਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ।

Baljeet Kaur

This news is Content Editor Baljeet Kaur