ਅੰਮ੍ਰਿਤਸਰ ਸੀਟ ''ਤੇ ਹੋਵੇਗਾ ਦਿਲਚਸਪ ਮੁਕਾਬਲਾ, ਇਹ ਹੋ ਸਕਦੇ ਹਨ ਉਮੀਦਵਾਰ

01/20/2019 10:27:55 AM

ਅੰਮ੍ਰਿਤਸਰ (ਵੈਬ ਡੈਸਕ) : ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਚੋਣਾਂ ਲੈ ਕੇ ਮੈਦਾਨ ਭੱਖਣਾ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਸੰਸਦੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾਵਾਂ ਦੀ ਚਰਚਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅੰਮ੍ਰਿਤਸਰ ਸੰਸਦੀ ਸੀਟ 'ਤੇ ਚੋਣ ਕਾਫੀ ਅਹਿਮ ਹੋਵੇਗੀ। ਸਾਲ 2014 'ਚ ਇਸ ਸੰਸਦੀ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ  ਦਿੱਗਜ ਭਾਜਪਾ ਆਗੂ ਅਰੁਣ ਜੇਤਲੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। 

ਇਸ ਤੋਂ ਇਲਾਵਾ ਇਸ ਸੰਸਦੀ ਹਲਕੇ ਤੋਂ ਭਾਜਪਾ ਵਲੋਂ ਨਵਜੋਤ ਸਿੱਧੂ ਸੰਸਦ ਮੈਂਬਰ ਰਹੇ ਹਨ। ਜੇਕਰ ਆਗਾਮੀ ਚੋਣਾਂ 'ਚ ਕਾਂਗਰਸ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਾਂ ਨਵਜੋਤ ਸਿੰਘ ਸਿੱਧੂ ਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਇਹ ਚੋਣ ਕਾਫੀ ਅਹਿਮ ਹੋਣਗੀਆਂ। ਇਸ ਸਬੰਧੀ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਸੰਸਦੀ ਹਲਕੇ 'ਚ ਚੰਗਾ ਕੰਮ ਕੀਤਾ ਤੇ ਉਹ ਵੀ ਇਸ ਸੀਟ ਦੇ ਦਾਅਵੇਦਾਰ ਹਨ। 

ਅਕਾਲੀ-ਭਾਜਪਾ ਗੱਠਜੋੜ ਵਲੋਂ ਇਸ ਸੰਸਦੀ ਹਲਕੇ ਤੋਂ ਭਾਜਪਾ ਵਲੋਂ ਉਮੀਦਵਾਰ ਮੈਦਾਨ 'ਚ ਉਤਾਰਿਆ ਜਾਣਾ ਹੈ। ਤਿੰਨ ਸਾਲ ਪਹਿਲਾਂ ਹੋਈ ਉਪ ਚੋਣ 'ਚ ਭਾਜਪਾ ਵਲੋਂ ਸੀਨੀਅਰ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ ਉਮੀਦਵਾਰ ਬਣਾਇਆ ਗਿਆ ਸੀ। ਹੁਣ ਮੁੜ ਤੋਂ ਉਹ ਸਰਗਰਮ ਹਨ ਤੇ ਕਈ ਵਿਧਾਨ ਹਲਕਿਆਂ 'ਚ ਲੋਕਾਂ ਨਾਲ ਮੀਟਿੰਗ ਵੀ ਕਰ ਚੁੱਕੇ ਹਨ। ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਉਹ ਖੁਦ ਸੰਸਦੀ ਚੋਣਾਂ ਦੀ ਦੌੜ 'ਚ ਸ਼ਾਮਲ ਨਹੀਂ ਹਨ, ਕਿਉਂਕਿ ਰਾਜ ਸਭਾ ਮੈਂਬਰ ਵਜੋਂ ਉਨ੍ਹਾਂ ਦੇ ਸੇਵਾ ਕਾਲ ਦੀ ਮਿਆਦ ਬਾਕੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪਾਰਟੀ ਵਲੋਂ ਉਮੀਦਵਾਰਾਂ ਦੀ ਚੋਣ ਬਾਰੇ ਕੋਈ ਪ੍ਰਤੀਕਿਰਿਆ ਸ਼ੁਰੂ ਨਹੀਂ ਕੀਤੀ ਗਈ। ਉਂਝ ਸ਼ਵੇਤ ਮਲਿਕ ਸਮੇਤ ਅਨਿਲ ਜੋਸ਼ੀ ਦੇ ਨਾਂ ਵੀ ਇਥੇ ਚਰਚਾ 'ਚ ਹਨ। ਭਾਜਪਾ ਹਲਕਿਆਂ 'ਚ ਚਰਚਾ ਹੈ ਕਿ ਜੇਕਰ ਕਾਂਗਰਸ ਕੋਈ ਵੱਡੀ ਸਖਸ਼ੀਅਤ ਮੈਦਾਨ 'ਚ ਉਤਾਰਦੀ ਹੈ ਤਾਂ ਭਾਜਪਾ ਵੀ ਕਿਸੇ ਨਾਮੀ ਵਿਅਕਤੀ ਨੂੰ ਚੋਣ ਮੈਦਾਨ 'ਚ ਲਿਆ ਸਕਦੀ ਹੈ ਤੇ ਇਸ ਸਬੰਧੀ ਸਨੀ ਦਿਓਲ ਨਾਂ ਦੀ ਚਰਚਾ ਵੀ ਹੈ।

'ਆਪ' ਵਲੋਂ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਪਹਿਲਾਂ ਹੀ ਕੁਲਦੀਪ ਸਿੰਘ ਧਾਰੀਵਾਲ ਨੂੰ ਉਮੀਦਵਾਰ ਐਲਾਨਿਆ ਹੋਇਆ ਹੈ ਤੇ ਉਨ੍ਹਾਂ ਨੇ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਹਾਲ ਹੀ 'ਚ ਬਣੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਤੇ ਪੰਜਾਬੀ ਏਕਤਾ ਪਾਰਟੀ ਵਲੋਂ ਸੰਸਦੀ ਚੋਣਾਂ ਤੋਂ ਪਹਿਲਾਂ ਮਹਾਂਗੱਠਜੋੜ ਬਣਾਉਣ ਵਈ ਯਤਨ ਕੀਤੇ ਜਾ ਰਹੇ ਹਨ, ਜਿਸ 'ਚ 'ਆਪ' ਵੀ ਸ਼ਾਮਲ ਹੋ ਸਕਦੀ ਹੈ। ਅਜਿਹੀ ਸਥਿਤੀ 'ਚ 'ਆਪ' ਵਲੋਂ ਐਲਾਨਿਆ ਉਮੀਦਵਾਰ ਵੀ ਮਹਾਂਗੱਠਜੋੜ ਦਾ ਸਾਂਝਾ ਉਮੀਦਵਾਰ ਬਣ ਸਕਦਾ ਹੈ। 

ਖੱਬੀਆਂ ਧਿਰਾਂ 'ਚੋਂ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਕੇਂਦਰੀ ਪੱਧਰ 'ਤੇ ਇਕ ਵਾਰ ਫਿਰ ਕਾਂਗਰਸ ਨਾਲ ਗੱਠਜੋੜ ਦੀ ਗੱਲਬਾਤ ਕੀਤੇ ਜਾਣ ਦੀ ਚਰਚਾ ਹੈ। ਜੇਕਰ ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਹੁੰਦਾ ਹੈ ਤਾਂ ਖੱਬੇ-ਪੱਖੀ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਨੂੰ ਸਮਰਥਨ ਦੇ ਸਕਦੇ ਹਨ। ਅਜਿਹਾ ਨਾ ਹੋਣ ਦੀ ਸਥਿਤੀ 'ਚ ਸਾਰੀਆਂ ਖੱਬੇ-ਪੱਖੀ ਧਿਰਾਂ ਇਕਜੁੱਟ ਹੋ ਕੇ ਇਸ ਹਲਕੇ ਤੋਂ ਸਾਂਝਾ ਉਮੀਦਵਾਰ ਮੈਦਾਨ 'ਚ ਉਤਾਰ ਸਕਦੀਆਂ ਹਨ।

Baljeet Kaur

This news is Content Editor Baljeet Kaur