ਅੰਮ੍ਰਿਤਸਰ ਰੇਲ ਹਾਦਸੇ ਦੇ ਜ਼ਿੰਮੇਵਾਰ ਗੇਟਮੈਨ ਤੇ ਪ੍ਰਬੰਧਕਾਂ ਖਿਲਾਫ ਹੋਵੇਗੀ ਸਖਤ ਕਾਰਵਾਈ

12/06/2018 11:48:18 PM

ਜਲੰਧਰ/ਚੰਡੀਗੜ੍ਹ (ਧਵਨ, ਅਸ਼ਵਨੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਵਿਚ ਹੋਏ ਭਿਆਨਕ ਰੇਲ ਹਾਦਸੇ ਲਈ ਮੈਜਿਸਟਰੇਟੀ ਜਾਂਚ ਵਿਚ ਦੋਸ਼ੀ ਕਰਾਰ ਦਿੱਤੇ ਗਏ ਜੌੜਾ ਫਾਟਕ ਰੇਲਵੇ ਕ੍ਰਾਸਿੰਗ ਦੇ ਗੇਟਮੈਨ ਅਤੇ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਰੇਲ ਹਾਦਸੇ ਵਿਚ 61 ਲੋਕਾਂ ਦੀ ਮੌਤ ਹੋਈ ਸੀ। ਇਹ ਜਾਂਚ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰਸ਼ਾਰਥਾ ਨੇ ਕੀਤੀ ਸੀ।

ਜਾਂਚ ਵਿਚ ਦੱਸਿਆ ਕਿ ਜਨਤਕ ਥਾਵਾਂ ’ਤੇ ਸਰਕਾਰੀ ਜ਼ਮੀਨਾਂ ’ਤੇ ਹੋਣ ਵਾਲੇ ਸਮਾਰੋਹਾਂ ਨੂੰ ਲੈ ਕੇ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ। ਜਾਂਚ ਵਿਚ ਕਿਹਾ ਗਿਆ ਕਿ ਸਮਾਰੋਹ ਆਯੋਜਿਤ ਕਰਨ ਦੇ ਮਾਮਲੇ ਵਿਚ ਪ੍ਰਬੰਧਕਾਂ ਨੇ ਵੀ ਸੁਰੱਖਿਆ ਮਾਪਦੰਡਾਂ ਨੂੰ ਲੈ ਕੇ ਵੱਡੀ ਕੋਤਾਹੀ ਵਰਤੀ। ਇਸ ਦੇ ਨਾਲ ਹੀ ਰੇਲਵੇ ਕਰਮਚਾਰੀਆਂ ਨੇ ਵੀ ਵੱਡੇ ਪੱਧਰ ’ਤੇ ਲਾਪ੍ਰਵਾਹੀ ਵਰਤੀ। ਜਾਂਚ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦਰਸ਼ਕਾਂ ਨੇ ਵੀ ਵੱਡੀ ਗਲਤੀ ਕੀਤੀ ਕਿਉਂਕਿ ਉਹ ਰੇਲਵੇ ਟਰੈਕ ’ਤੇ ਬੈਠ ਕੇ ਦੁਸਹਿਰਾ ਦੇਖ ਰਹੇ ਸਨ। ਰਿਪੋਰਟ ਵਿਚ ਪੁਲਸ ਤੇ ਨਗਰ ਨਿਗਮ ਦੇ ਅਧਿਕਾਰੀਆਂ ’ਤੇ ਕਾਨੂੰਨ ਨੂੰ ਲਾਗੂ ਕਰਨ ਦੇ ਮਾਮਲੇ ਵਿਚ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਏ ਗਏ। ਜਾਂਚ ਵਿਚ ਇਹ ਵੀ ਕਿਹਾ ਗਿਆ ਕਿ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ, ਜਿਨ੍ਹਾਂ ਨੇ ਦੁਸਹਿਰਾ ਸਮਾਰੋਹ ਵਿਚ ਹਿੱਸਾ ਲਿਆ ਸੀ, ਦੀ ਸਮਾਰੋਹ ਆਯੋਜਿਤ ਕਰਨ ਵਿਚ ਕੋਈ ਭੂਮਿਕਾ ਨਹੀਂ ਸੀ।

 

2 ਗੇਟਮੈਨਾਂ ’ਤੇ ਮੈਜਿਸਟਰੇਟ ਜਾਂਚ ’ਚ ਡਿੱਗੀ ਗਾਜ
ਜਾਂਚ ਵਿਚ ਕਿਹਾ ਗਿਆ ਹੈ ਕਿ ਗੇਟ ਨੰਬਰ 27 ਜੌੜਾ ਫਾਟਕ ਅੰਮ੍ਰਿਤਸਰ ਦੇ ਗੇਟਮੈਨ ਅੰਮ੍ਰਿਤ ਸਿੰਘ ਆਪਣੀ ਡਿਊਟੀ ਨਿਭਾਉਣ ਵਿਚ ਪੂਰੀ ਤਰ੍ਹਾਂ ਅਸਫਲ ਰਹੇ ਤੇ ਨਾਲ ਹੀ ਉਨ੍ਹਾਂ ਘਟਨਾ ਨੂੰ ਰੋਕਣ ਲਈ ਪਹਿਲਾਂ ਤੋਂ ਹੀ ਕੋਈ ਸਾਵਧਾਨੀ ਨਹੀਂ ਵਰਤੀ। ਉਹ ਇਕ ਅਜਿਹੇ ਰੇਲਵੇ ਕਰਮਚਾਰੀ ਹਨ, ਜਿਨ੍ਹਾਂ ਦੀ ਲਾਪ੍ਰਵਾਹੀ ਨਾਲ ਹਾਦਸਾ ਵਾਪਰਿਆ। ਜਾਂਚ ਰਿਪੋਰਟ ਵਿਚ ਗੇਟ ਨੰਬਰ 26 ਦੇ ਇਕ ਹੋਰ ਗੇਟਮੈਨ ਨਿਰਮਲ ਸਿੰਘ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਕਿਉਂਕਿ ਉਹ ਵੀ ਗੇਟ ਨੰਬਰ 27 ਦੇ ਗੇਟਮੈਨ ਨੂੰ ਸਮੇਂ ’ਤੇ ਲੋਕਾਂ ਦੇ ਰੇਲਵੇ ਟਰੈਕ ’ਤੇ ਇਕੱਠੇ ਹੋਣ ਦੀ ਸੂਚਨਾ ਨਹੀਂ ਦੇ ਸਕਿਆ। ਉਸ ਨੂੰ ਰੇਲਵੇ ਟਰੈਕ ’ਤੇ ਦੁਸਹਿਰਾ ਵੇਖਣ ਆਏ ਲੋਕਾਂ ਦੀ ਮੌਜੂਦਗੀ ਬਾਰੇ ਸ਼ਾਮ 5.30 ਵਜੇ ਪਤਾ ਲੱਗ ਗਿਆ ਸੀ ਪਰ ਉਸ ਨੇ ਗੇਟ ਨੰ. 27 ਦੇ ਗੇਟਮੈਨ ਅਮਿਤ ਸਿੰਘ ਨੂੰ ਇਸ ਦੀ ਸੂਚਨਾ 6.40 ਤੋਂ 6.45 ਦਰਮਿਆਨ ਦਿੱਤੀ। ਉਨ੍ਹਾਂ ਸਬੰਧਤ ਸਟੇਸ਼ਨ ਮਾਸਟਰ ਨੂੰ ਵੀ ਸੂਚਨਾ ਨਹੀਂ ਦਿੱਤੀ। ਇਸ ਲਈ ਘੋਰ ਲਾਪ੍ਰਵਾਹੀ ਲਈ ਉਹ ਵੀ ਜ਼ਿੰਮੇਵਾਰ ਹਨ।

ਆਯੋਜਕ ਜੇਕਰ ਮਨਜ਼ੂਰੀ ਲੈਂਦੇ ਤਾਂ ਇੰਨਾ ਵੱਡਾ ਹਾਦਸਾ ਨਾ ਹੁੰਦਾ
ਜਾਂਚ ਰਿਪੋਰਟ ਵਿਚ ਸਾਫ ਤੌਰ ’ਤੇ ਕਿਹਾ ਗਿਆ ਹੈ ਕਿ ਦੁਸਹਿਰਾ ਸਮਾਰੋਹ ਕਰਨ ਲਈ ਆਯੋਜਕਾਂ ਕੋਲ ਕੋਈ ਮਨਜ਼ੂਰੀ ਨਹੀਂ ਸੀ। ਇਸੇ ਤਰ੍ਹਾਂ ਧੋਬੀ ਘਾਟ ’ਤੇ ਰਾਵਣ ਸਾੜੇ ਜਾਣ ਬਾਰੇ ਵੀ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ। ਦੁਸਹਿਰਾ ਸਮਾਰੋਹ ਗੈਰ-ਕਾਨੂੰਨੀ ਢੰਗ ਨਾਲ ਆਯੋਜਿਤ ਕੀਤਾ ਜਾ ਰਿਹਾ ਸੀ, ਜਿਸ ਵਿਚ ਦਰਸ਼ਕਾਂ ਦੇ ਜੀਵਨ ਦੇ ਬਚਾਅ ਅਤੇ ਸੁਰੱਖਿਆ ਵੱਲ ਧਿਆਨ ਨਹੀਂ ਦਿੱਤਾ ਗਿਆ ਸੀ। ਇਹ ਵੀ ਦੇਖਿਆ ਗਿਆ ਕਿ ਆਯੋਜਕਾਂ ਨੂੰ ਪਤਾ ਸੀ ਕਿ ਦੁਸਹਿਰਾ ਦੇਖਣ ਲਈ ਵੱਡੀ ਗਿਣਤੀ ਵਿਚ ਲੋਕ ਆਉਣਗੇ ਪਰ ਆਯੋਜਕਾਂ ਨੇ ਨਾ ਤਾਂ ਪੁਲਸ ਪ੍ਰਸ਼ਾਸਨ ਨੂੰ ਦੁਸਹਿਰਾ ਆਯੋਜਨ ਦੀ ਜਾਣਕਾਰੀ ਦਿੱਤੀ ਤੇ ਨਾ ਹੀ ਇਸ ਸਬੰਧ ਵਿਚ ਰੇਲਵੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਜੇਕਰ ਆਯੋਜਕ ਇਸ ਸਬੰਧ ਵਿਚ ਜ਼ਰਾ ਵੀ ਜਾਣਕਾਰੀ ਅਧਿਕਾਰੀਆਂ ਨੂੰ ਦਿੰਦੇ ਤਾਂ ਇੰਨਾ ਵੱਡਾ ਹਾਦਸਾ ਨਾ ਹੁੰਦਾ।

Inder Prajapati

This news is Content Editor Inder Prajapati