ਦੋ ਖਤਰਨਾਕ ਬਦਮਾਸ਼ਾਂ ਨੂੰ ਪੰਜਾਬ ਪੁਲਸ ਨੇ ਅਮਰੀਕਾ ਤੋਂ ਵਾਪਸ ਲਿਆਉਣ ਦੀ ਕਾਰਵਾਈ ਆਰੰਭੀ

11/24/2019 3:55:23 PM

ਅੰਮ੍ਰਿਤਸਰ : ਪੰਜਾਬ ਪੁਲਸ ਨੇ ਦੋ ਖਤਰਨਾਕ ਬਦਮਾਸ਼ਾਂ ਪਵਿੱਤਰ ਸਿੰਘ ਤੇ ਉਸ ਦੇ ਸਾਥੀ ਹੁਸਨਦੀਪ ਸਿੰਘ ਨੂੰ ਅਮਰੀਕਾ ਤੋਂ ਵਾਪਸ ਲਿਆ ਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਦੋਵੇਂ ਬਦਨਾਮ ਪਵਿੱਤਰ ਗਿਰੋਹ ਦੇ ਮੈਂਬਰ ਹਨ ਤੇ ਪਵਿੱਤਰ ਸਿੰਘ ਉਸ ਗਿਰੋਹ ਦਾ ਸਰਗਨਾ ਹੈ। ਪੰਜਾਬ ਪੁਲਸ ਨੇ ਹੁਣ ਇੰਟਰਪੋਲ ਤੋਂ ਉਨ੍ਹਾਂ ਦੋਵਾਂ ਵਿਰੁੱਧ 'ਰੈੱਡ ਕਾਰਨਰ ਨੋਟਿਸ' ਜਾਰੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਹ ਦੋਵੇਂ ਪਿਛਲੇ ਛੇ ਮਹੀਨਿਆਂ ਤੋਂ ਅਮਰੀਕਾ 'ਚ ਹੀ ਰਹਿ ਰਹੇ ਦੱਸੇ ਜਾਂਦੇ ਸਨ।

ਜਾਣਕਾਰੀ ਮੁਤਾਬਕ ਪਵਿੱਤਰ ਸਿੰਘ ਤੇ ਹੁਸਨਦੀਪ ਸਿੰਘ ਬਦਮਾਸ਼ ਜੱਗੂ ਭਗਵਾਨਪੁਰੀਆ ਨਾਲ ਜੁੜੇ ਰਹੇ ਹਨ ਤੇ ਉਹ ਕਤਲਾਂ, ਕਾਤਲਾਨਾ ਹਮਲਿਆਂ ਤੇ ਫਿਰੌਤੀ ਦੇ ਇਕ ਦਰਜਨ ਦੇ ਲਗਭਗ ਮਾਮਲਿਆਂ 'ਚ ਪੁਲਸ ਨੂੰ ਲੋੜੀਂਦੇ ਹਨ। ਪੰਜਾਬ ਪੁਲਸ ਹੁਣ ਇਨ੍ਹਾਂ ਦੋਵਾਂ ਲਈ 'ਲੁੱਕਆਊਟ ਸਰਕੂਲਰ' ਵੀ ਜਾਰੀ ਕਰਵਾਉਣ ਜਾ ਰਹੀ ਹੈ। ਪੁਲਸ ਨੇ ਇਨ੍ਹਾਂ ਦੋਵਾਂ ਨੂੰ ਅਮਰੀਕਾ ਤੋਂ ਵਾਪਸ ਲਿਆਉਣ ਦੀ ਕਾਰਵਾਈ ਸ਼ੁਰੂ ਕਰਨ ਬਾਰੇ ਉਦੋਂ ਪਹਿਲੀ ਵਾਰ ਸੋਚਿਆ ਸੀ, ਜਦੋਂ ਉਨ੍ਹਾਂ ਦਾ ਨਾਂਅ ਬੀਤੀ 19 ਨਵੰਬਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਪਿੰਡ ਪੰਡੂਰੀ ਵਿਖੇ ਕੀਤੇ 26 ਸਾਲਾ ਨੌਜਵਾਨ ਮਨਦੀਪ ਸਿੰਘ ਦੇ ਕਤਲ 'ਚ ਬੋਲਿਆ ਸੀ। ਪਵਿੱਤਰ ਗਿਰੋਹ ਦੇ ਇਕ ਮੈਂਬਰ ਹਰਵਿੰਦਰ ਸਿੰਘ ਸੰਧੂ ਨੇ ਫੇਸਬੁੱਕ ਦੀ ਇੱਕ ਪੋਸਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।

ਉਸ ਨੇ ਅੰਮ੍ਰਿਤਸਰ ਦੇ ਪਿੰਡ ਜੀਜੀਆਣੀ ਵਿਖੇ 18 ਸਾਲਾ ਤ੍ਰਿਪਤਪਾਲ ਉੱਤੇ ਗੋਲੀਬਾਰੀ ਕਰਨ ਦੀ ਜ਼ਿੰਮੇਵਾਰੀ ਵੀ ਕਬੂਲੀ ਸੀ। ਹਰਵਿੰਦਰ ਸਿੰਘ ਸੰਧੂ ਨੇ ਆਪਣੀ ਫੇਸਬੁੱਕ ਪੋਸਟ 'ਚ ਦਾਅਵਾ ਕੀਤਾ ਸੀ ਕਿ – 'ਪੰਡੂਰੀ 'ਚ ਮਨਦੀਪ ਦਾ ਕਤਲ ਅਸੀਂ ਕਰਵਾਇਆ ਹੈ। ਅਸੀਂ ਆਪਣੀ ਅਣਖ ਖਾਤਰ ਉਸ ਦਾ ਕਤਲ ਕੀਤਾ ਹੈ। ਸਾਡੀ ਮਨਦੀਪ ਨਾਲ ਪੁਰਾਣੀ ਦੁਸ਼ਮਣੀ ਸੀ। ਜੇ ਅਸੀਂ 25 ਰਾਊਂਡ ਖੋਲ੍ਹ ਸਕਦੇ ਹਾਂ, ਤਾਂ ਅਸੀਂ 100 ਗੋਲੀਆਂ ਵੀ ਚਲਾ ਸਕਦੇ ਹਾਂ। ਜੇ ਭਵਿੱਖ 'ਚ ਹੋਰ ਵੀ ਕੋਈ ਅਜਿਹੀ ਗਲਤੀ ਕਰੇਗਾ, ਤਾਂ ਉਸ ਦਾ ਇਹੋ ਹਸ਼ਰ ਹੋਵੇਗਾ। ਪੁਲਸ ਨੂੰ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਪਰ ਕਿਸੇ ਬੇਗੁਨਾਹ ਨੂੰ ਇਸ ਕੇਸ 'ਚ ਨਹੀਂ ਫਸਾਉਣਾ ਚਾਹੀਦਾ।'

ਪੁਲਸ ਨੇ ਮਨਦੀਪ ਸਿੰਘ ਕਤਲ ਦੇ ਮਾਮਲੇ 'ਚ ਪਵਿੱਤਰ ਸਿੰਘ ਤੇ ਹਰਵਿੰਦਰ ਸਿੰਘ ਸਮੇਤ ਸੱਤ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਬਾਕੀ ਦੇ ਪੰਜ ਮੁਲਜ਼ਮਾਂ ਦੇ ਨਾਂਅ ਹਰਮਨ ਸਿੰਘ ਵਾਸੀ ਮਜੀਠਾ, ਬਲਰਾਜ ਸਿੰਘ ਉਰਫ਼ ਬੂਰੀ ਵਾਸੀ ਬਸੰਤ ਕੋਟ (ਅੰਮ੍ਰਿਤਸਰ), ਅਮਨ ਪਹਿਲਵਾਨ ਵਾਸੀ ਪਿੰਡ ਸੈਦੋਕੇ ਅਤੇ ਸਾਗਰ ਵਾਸੀ ਅੰਮ੍ਰਿਤਸਰ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਪੁਲਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹ ਵੀ ਪਤਾ ਲੱਗਾ ਹੈ ਕਿ ਪਵਿੱਤਰ ਸਿੰਘ ਤੇ ਹੁਸਨਦੀਪ ਸਿੰਘ ਇਸ ਵੇਲੇ ਅਮਰੀਕਾ 'ਚ ਕੁਝ ਖਾਲਿਸਤਾਨ–ਪੱਖੀ ਤੱਤਾਂ ਦੇ ਸੰਪਰਕ 'ਚ ਹਨ। ਅਸੀਂ ਹੁਣ ਇਹ ਪਤਾ ਲਾ ਰਹੇ ਹਾਂ ਕਿ ਕੀ ਉਹ ਖਾਲਿਸਤਾਨ–ਪੱਖੀ ਗਤੀਵਿਧੀਆਂ 'ਚ ਵੀ ਸ਼ਾਮਲ ਹਨ ਜਾਂ ਨਹੀਂ।

Baljeet Kaur

This news is Content Editor Baljeet Kaur