ਪਤੀ-ਪਤਨੀ 'ਤੇ ਡਿੱਗਾ ਬਿਜਲੀ ਦਾ ਖੰਭਾ, ਰੀੜ੍ਹ ਦੀ ਹੱਡੀ ਤੇ ਪਸਲੀਆਂ ਟੁੱਟੀਆਂ

03/16/2019 12:34:51 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਬਿਜਲੀ ਵਿਭਾਗ ਦੀ ਅਣਗਹਿਲੀ ਇਕ ਬਜ਼ੁਰਗ ਜੋੜੇ 'ਤੇ ਭਾਰੀ ਪੈ ਗਈ। ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਇਹ ਘਟਨਾ ਅੰਮ੍ਰਿਤਸਰ ਦੇ ਨਿੱਕਾ ਸਿੰਘ ਕਾਲੋਨੀ ਦੇ ਹੀ, ਜਿਥੇ ਸਕੂਟਰ ਸਵਾਰ ਹੋ ਕੇ ਘਰ ਵਾਪਸ ਜਾ ਰਹੇ ਜੋੜੇ 'ਤੇ ਅਚਾਨਕ ਬਿਜਲੀ ਦਾ ਖੰਭਾ ਡਿੱਗ ਪਿਆ। ਜਿਸ ਕਾਰਨ ਡਾ. ਬ੍ਰਿਜ ਮੋਹਨ ਸਿੰਘ ਵਾਸੀ ਕਰਤਾਰ ਸਿੰਘ ਨਗਰ ਛੇਹਰਟਾ ਤੇ ਉਸ ਦੀ ਪਤਨੀ ਪਰਮਿੰਦਰ ਕੌਰ ਸਕੂਟਰ ਸਮੇਤ ਸੜਕ 'ਤੇ ਡਿੱਗ ਗਏ ਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਉਥੇ ਮੌਜੂਦ ਲੋਕਾਂ ਨੇ ਉਨ੍ਹਾਂ ਜ਼ਖਮੀ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ। ਡਾਟਕਰੀ ਜਾਂਚ ਦੌਰਾਨ ਪਤਾ ਲੱਗਾ ਕਿ ਡਾ. ਮੋਹਨ ਦੀ ਗਰਦਨ, ਰੀੜ੍ਹ ਦੀ ਹੱਡੀ 'ਤੇ ਸੱਟ ਲੱਗੀ ਹੈ ਤੇ ਉਨ੍ਹਾਂ ਦੀ ਪਤਨੀ ਪਰਮਿੰਦਰ ਕੌਰ ਦੇ ਹੱਥਾਂ 'ਚ 14 ਟਾਂਕੇ ਲੱਗੇ ਤੇ ਪਸਲੀਆਂ ਤੇ ਤਿੱਲੀ ਨੂੰ ਵੀ ਨੁਕਸਾਨ ਪਹੁੰਚਿਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁੱਤਰ ਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਸਕੂਟਰੀ 'ਤੇ ਕੈਂਟ ਰੋਡ ਤੋਂ ਕਰਤਾਰ ਨਗਰ ਘਰ ਆ ਰਹੇ ਹਨ ਜਦੋਂ ਉਹ ਨਿੱਕਾ ਸਿੰਘ ਕਲੋਨੀ ਪਹੁੰਚੇ ਤਾਂ ਸੜਕ ਕਿਨਾਰੇ 'ਤੇ ਲੱਗਾ ਬਿਜਲੀ ਦਾ ਖੰਭਾ ਉਨ੍ਹਾਂ 'ਤੇ ਡਿੱਗ ਗਿਆ। ਮਨਦੀਪ ਨੇ ਪਾਵਰਕਾਮ ਦੇ ਕਰਮਚਾਰੀਆਂ ਦੇ ਖਿਲਾਫ ਪੁਲਸ ਚੌਕੀ ਮਾਹਿਲ 'ਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਬੰਧੀ ਚੌਕੀ ਇਚਾਰਜ ਨੇ ਕਿਹਾ ਕਿ ਪਤੀ-ਪਤਨੀ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਦੇ ਹੋਸ਼ 'ਚ ਆਉਂਦੇ ਹੀ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।  

Baljeet Kaur

This news is Content Editor Baljeet Kaur