ਅੰਮ੍ਰਿਤਸਰ ਪੁਲਸ ਨੇ ਬਰਾਮਦ ਕੀਤੀ 37 ਕਰੋੜ ਦੀ ਹੈਰੋਇਨ, 2 ਤਸਕਰ ਗ੍ਰਿਫਤਾਰ

10/21/2019 11:35:55 PM

ਅੰਮ੍ਰਿਤਸਰ,(ਸੰਜੀਵ) : ਜਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਅੱਜ ਦੋ ਕੁੱਖਾਤ ਹੈਰੋਇਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੇ ਕਬਜੇ 'ਚੋਂ 7 ਕਿੱਲੋ 590 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਤਸਕਰਾਂ ਦੀ ਪਛਾਣ ਗੁਰਦੇਵ ਸਿੰਘ ਤੇ ਮੇਜਰ ਸਿੰਘ ਨਿਵਾਸੀ ਕੱਕੜ ਦੇ ਰੂਪ 'ਚ ਹੋਈ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 37 ਕਰੋੜ ਰੁਪਏ ਦੱਸੀ ਜਾਂਦੀ ਹੈ। ਪੁਲਸ ਨੇ ਦੋਵੇਂ ਤਸਕਰਾਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਅਧੀਨ ਕੇਸ ਦਰਜ ਕਰਕੇ ਮਾਣਯੋਗ ਅਦਾਲਤ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੋਵੇਂ ਤਸਕਰਾਂ ਨੂੰ ਕੱਲ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ। ਭਾਰਤ-ਪਾਕਿ ਸੀਮਾ ਨਾਲ ਲੱਗਦੇ ਬੀ. ਓ. ਪੀ. ਕੱਕੜ ਦੇ ਕਰੀਬ ਇੱਕ ਬੈਟਰੀ 'ਚੋਂ 7 ਕਿੱਲੋ 590 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਦੋਵੇਂ ਤਸਕਰਾਂ ਦੀ ਗ੍ਰਿਫਤਾਰੀ ਦੇ ਬਾਅਦ ਦਿਹਾਤੀ ਪੁਲਸ ਤੇ ਬੀ. ਐਸ. ਐਫ. ਦੀ 22 ਬਟਾਲੀਅਨ ਨੇ ਬਾਅਦ ਦੁਪਹਿਰ ਭਾਰਤ ਪਾਕਿ ਸੀਮਾ 'ਤੇ ਲੱਗੀਆਂ ਕੰਢੀਲੀਆਂ ਤਾਰਾਂ ਦੇ ਨੇੜੇ ਇੱਕ ਸਰਚ ਆਪ੍ਰੇਸ਼ਨ ਚਲਾਇਆ, ਜਿੱਥੋਂ ਦੋਵੇਂ ਤਸਕਰਾਂ ਵੱਲੋਂ ਦੱਸੇ ਗਏ ਠਿਕਾਣੇ ਤੋਂ ਇਕ ਬੈਟਰੀ ਬਰਾਮਦ ਹੋਈ, ਜਿਸ 'ਚ ਸਾਢੇ ਸੱਤ ਕਿੱਲੋ ਦੇ ਕਰੀਬ ਹੈਰੋਇਨ ਸੀ।

ਤਸਕਰਾਂ ਤੋਂ ਬਰਾਮਦ ਹੋਏ ਮੋਬਾਇਲ ਫੋਨ ਖੋਲ੍ਹਣਗੇ ਕਈ ਰਾਜ
ਦੋਨ੍ਹੋਂ ਤਸਕਰਾਂ ਵੱਲੋਂ ਕਬਜ਼ੇ ਤੋਂ ਦੋ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ। ਜਿਨ੍ਹਾਂ ਨੂੰ ਦਿਹਾਤੀ ਪੁਲਸ ਦਾ ਸਾਈਬਰ ਸੈਲ ਸਕੈਨ ਕਰ ਰਿਹਾ ਹੈ। ਬਹੁਤ ਛੇਤੀ ਇਨ੍ਹਾਂ ਤਸਕਰਾਂ ਨਾਲ ਜੁੜੇ ਪਾਕਿਸਤਾਨੀ ਸਮਗਲਰਾਂ ਦੇ ਨਾਲ-ਨਾਲ ਪੰਜਾਬ ਵਿਚ ਬੈਠੇ ਕਈ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਹੈ। ਫਿਲਹਾਲ ਦਿਹਾਤੀ ਪੁਲਸ ਵੱਲੋਂ ਬਰਾਮਦ ਕੀਤੀ ਗਈ ਹੈਰੋਇਨ ਤੇ ਗ੍ਰਿਫਤਾਰ ਤਸਕਰਾਂ ਦੀ ਪੁਸ਼ਟੀ ਕੀਤੀ ਗਈ ਹੈ ਜਦੋਂ ਕਿ ਜਾਂਚ ਦੇ ਬਾਅਦ ਪੁਲਸ ਮੀਡੀਆ ਦੇ ਅੱਗੇ ਇਸ ਗੱਲ ਦਾ ਪੂਰਾ ਖੁਲਾਸਾ ਕੱਲ ਤੱਕ ਕਰਨਗੇ ।