NRI ਪਤੀ ਨੇ ਲਾਈ 'ਸੰਧੂਰ' ਦੀ ਕੀਮਤ 1 ਕਰੋੜ, ਪਤਨੀ ਨੇ ਦਿੱਤਾ ਇਹ ਜਵਾਬ

05/28/2019 2:59:57 PM

ਅੰਮ੍ਰਿਤਸਰ(ਸਫਰ) : ਪੰਜਾਬ ਵਿਚ ਐੱਨ. ਆਰ. ਆਈ. ਪਤੀ ਕਾਰਨ ਤੰਗ ਹੋਣ ਵਾਲੀਆਂ ਸੁਹਾਗਣਾਂ ਨੂੰ ਜਿਥੇ 'ਇਨਸਾਫ' ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ ਉਥੇ ਹੀ ਵਿਦੇਸ਼ ਬੈਠੇ ਅਜਿਹੇ ਦਗਾਬਾਜ਼ ਐੱਨ.ਆਰ.ਆਈ. ਪਤੀਆਂ ਨੂੰ ਭਾਰਤ ਵਿਚ ਲਿਆਉਣ ਦੀ ਪ੍ਰਕਿਰਿਆ ਵੀ ਇੰਨੀਆਂ ਮੁਸ਼ਕਲਾਂ ਪੈਦਾ ਕਰ ਦਿੰਦੀ ਹੈ ਕਿ ਇਨਸਾਫ ਦੀ ਆਵਾਜ਼ ਦੱਬਣ ਲੱਗਦੀ ਹੈ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਵਿਚ ਸਾਹਮਣੇ ਆਇਆ ਹੈ ਜਿੱਥੇ ਪਤਨੀ ਆਪਣੇ ਐੱਨ.ਆਰ.ਆਈ. ਪਤੀ ਖਿਲਾਫ ਐੱਫ.ਆਈ.ਆਰ. ਦਰਜ ਕਰਵਾਉਣ ਲਈ ਪਿਛਲੇ 21 ਮਹੀਨਿਆਂ ਤੋਂ ਇੰਤਜ਼ਾਰ ਕਰ ਰਹੀ ਹੈ। ਖਾਸ ਗੱਲ ਹੈ ਕਿ ਇਸ ਮਾਮਲੇ ਵਿਚ ਐੱਨ.ਆਰ.ਆਈ. ਪਤੀ ਦੁਬਈ ਤੋਂ ਤਲਾਕ ਦੇਣ ਲਈ 1 ਕਰੋੜ ਰੁਪਏ ਦੀ ਪੇਸ਼ਕਸ਼ ਕਰ ਰਿਹਾ ਹੈ, ਉਥੇ ਹੀ ਸੁਹਾਗਣ ਨੇ ਠਾਣ ਲਿਆ ਹੈ ਕਿ ਉਸ ਨੂੰ ਇਕ ਕਰੋੜ ਨਹੀਂ ਚਾਹੀਦਾ ਸਗੋਂ ਉਸ ਨੂੰ ਸਨਮਾਨ ਚਾਹੀਦਾ ਹੈ ਜੋ ਸੱਤ ਫੇਰੇ ਲੈਂਦੇ ਸਮੇਂ ਦੇਣ ਦਾ ਵਾਅਦਾ ਕੀਤਾ ਸੀ। ਮਾਮਲਾ ਅੰਮ੍ਰਿਤਸਰ ਦੇ ਐੱਨ.ਆਰ.ਆਈ. ਥਾਣਿਆਂ ਤੋਂ ਹੁੰਦਾ ਹੋਇਆ ਐੱਨ.ਆਰ.ਆਈ. ਦੇ ਏ.ਡੀ.ਜੀ.ਪੀ ਈਸ਼ਵਰ ਸਿੰਘ ਦੇ ਕੋਲ ਪਹੁੰਚ ਗਿਆ ਹੈ।

ਮਾਮਲਾ ਕੁੱਝ ਇਵੇਂ ਹੈ
ਅੰਮ੍ਰਿਤਸਰ ਦੀ ਰਹਿਣ ਵਾਲੀ ਲੜਕੀ ਦਾ ਵਿਆਹ 20 ਜਨਵਰੀ 2016 ਨੂੰ ਲੜਕੇ ਨਿਵਾਸੀ ਰਾਜਸਥਾਨ ਨਾਲ ਹੋਇਆ ਸੀ। ਵਿਆਹ ਦੇ ਕੁੱਝ ਦਿਨਾਂ ਬਾਅਦ ਹੀ ਲੜਕਾ ਦੁਬਈ ਚਲਾ ਗਿਆ। ਦੁਬਈ ਜਾਣ ਦੇ ਬਾਅਦ ਲੜਕੇ ਨੇ ਅੱਖਾਂ ਫੇਰ ਲਈਆਂ। 30 ਜੁਲਾਈ 2017 ਨੂੰ ਲੜਕਾ ਭਾਰਤ ਆਇਆ। ਉਕਤ ਲੜਕੀ ਨੂੰ ਉਸ ਨੇ ਸਾਦੇ ਕਾਗਜ਼ 'ਤੇ ਦਸਤਖਤ ਕਰਵਾਉਣ ਦਾ ਦਬਾਅ ਪਾਇਆ ਪਰ ਉਸ ਨੇ ਦਸਤਖਤ ਨਹੀਂ ਕੀਤੇ। ਜਦੋਂ ਪਤਨੀ ਨੇ ਵਿਰੋਧ ਕੀਤਾ ਤਾਂ ਉਹ ਲੜਕਾ ਆਪਣੀ ਭੈਣ ਦੇ ਘਰ ਮਿਲਣ ਲਈ ਗਿਆ ਅਤੇ ਉਥੋਂ ਹੀ ਦੁਬਈ ਭੱਜ ਗਿਆ।

2017 ਵਿਚ ਕੀਤੀ ਸੀ ਸ਼ਿਕਾਇਤ, ਹੁਣ ਤੱਕ ਨਹੀਂ ਹੋਈ ਐੱਫ.ਆਈ.ਆਰ.
ਉਕਤ ਲੜਕੀ ਨੇ 2017 ਵਿਚ ਅੰਮ੍ਰਿਤਸਰ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਨੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਪਰ ਕੋਈ ਨਹੀਂ ਆਇਆ। ਲੜਕੀ ਨੇ ਅੰਮ੍ਰਿਤਸਰ ਦੇ ਪਾਸਪੋਰਟ ਦਫ਼ਤਰ ਵਿਚ ਲੜਕੇ ਦੇ ਪਾਸਪੋਰਟ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਐੱਫ.ਆਈ.ਆਰ. ਲੈ ਕੇ ਆਓ, ਜਿਸ ਤੋਂ ਬਾਅਦ ਉਕਤ ਲੜਕੀ ਨੇ ਪਤੀ ਦੇ ਖਿਲਾਫ ਅੰਮ੍ਰਿਤਸਰ ਦੇ ਥਾਣਾ ਐੱਨ.ਆਰ.ਆਈ. ਵਿਚ ਐੱਫ. ਆਈ.ਆਰ. ਲਈ ਸ਼ਿਕਾਇਤ ਕੀਤੀ। ਇਹੀ ਨਹੀਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਅਤੇ ਦਿੱਲੀ ਤੱਕ ਨਿਆਂ ਲਈ ਚਿੱਠੀ ਲਿਖੀ। ਇੱਥੋਂ ਤੱਕ ਕਿ ਸੀ.ਐੱਮ., ਪੀ.ਐੱਮ., ਵਿਦੇਸ਼ ਮੰਤਰਾਲੇ ਅਤੇ ਰਾਸ਼ਟਰਪਤੀ ਨੂੰ ਵੀ ਚਿੱਠੀ ਲਿਖੀ ਪਰ 2017 ਤੋਂ ਹੁਣ ਤੱਕ ਇਸ ਮਾਮਲੇ ਵਿਚ ਐੱਫ.ਆਈ.ਆਰ. ਦਰਜ ਨਹੀਂ ਹੋਈ।

ਪੀੜਤਾ ਅਤੇ ਉਸ ਦੇ ਪਰਿਵਾਰ ਵਾਲੇ ਕਹਿੰਦੇ ਹਨ ਕਿ ਲੜਕਾ ਦੁਬਈ ਤੋਂ ਕਦੇ ਕਹਿੰਦਾ ਹੈ 75 ਲੱਖ ਰੁਪਏ ਲੈ ਲਓ ਤਾਂ ਕਦੇ ਕਹਿੰਦਾ ਹੈ 1 ਕਰੋੜ ਰੁਪਏ ਵਿਚ ਤਲਾਕ ਦੇ ਦਿਓ ਪਰ ਅਸੀਂ ਇੱਜ਼ਤਦਾਰ ਲੋਕ ਹਾਂ। ਇੱਜ਼ਤ ਪੈਸੇ ਨਾਲ ਨਹੀਂ ਕਮਾਈ ਜਾ ਸਕਦੀ ਅਤੇ ਨਾ ਖਰੀਦੀ ਜਾ ਸਕਦੀ ਹੈ।

ਐੱਨ.ਆਰ.ਆਈ. ਦੇ ਏ.ਡੀ.ਜੀ.ਪੀ. ਬੋਲੇ, ਮਿਲੇਗਾ ਇਨਸਾਫ
ਪੀੜਤਾ ਅਤੇ ਉਨ੍ਹਾਂ ਦੇ ਬਜ਼ੁਰਗ ਮਾਤਾ-ਪਿਤਾ ਕਹਿੰਦੇ ਹਨ ਕਿ 'ਈਸ਼ਵਰ' ਤੋਂ ਹੀ ਹੁਣ ਤਾਂ ਨਿਆਂ ਦੀ ਉਮੀਦ ਹੈ। ਹੁਣ ਤੱਕ ਐੱਫ.ਆਈ.ਆਰ. ਪੁਲਸ ਨੇ ਨਹੀਂ ਲਿਖੀ ਹੈ। ਵਿਦੇਸ਼ ਮੰਤਰਾਲੇ ਤੋਂ ਵੀ ਲੜਕੇ ਦਾ ਪਾਸਪੋਰਟ ਡਿਪੋਰਟ ਕਰਨ ਲਈ ਲਿਖਿਆ ਤਾਂ ਹੈ ਪਰ ਜਦੋਂ ਤੱਕ ਐੱਫ.ਆਈ.ਆਰ. ਦਰਜ ਨਹੀਂ ਹੁੰਦੀ, ਕੁੱਝ ਨਹੀਂ ਹੋ ਸਕਦਾ। ਐੱਫ.ਆਈ.ਆਰ. ਪੁਲਸ ਦਰਜ ਕਰ ਹੀ ਨਹੀਂ ਰਹੀ । ਉਧਰ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਐੱਨ.ਆਰ.ਆਈ. ਵਿੰਗ ਦੇ ਏ.ਡੀ.ਜੀ.ਪੀ. ਈਸ਼ਵਰ ਸਿੰਘ ਕਹਿੰਦੇ ਹਨ ਆਮ ਤੌਰ 'ਤੇ ਐੱਨ.ਆਰ.ਆਈ. ਮਾਮਲਿਆਂ ਵਿਚ ਐੱਫ.ਆਈ.ਆਰ. ਦਰਜ ਕਰਨ ਲਈ 5-6 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। 2017 ਤੋਂ ਹੁਣ ਤੱਕ ਐੱਫ.ਆਈ.ਆਰ. ਹੀ ਨਹੀਂ ਹੋਈ ਇਹ ਜਾਂਚ ਦਾ ਵਿਸ਼ਾ ਹੈ। ਹਾਲਾਂਕਿ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਤੁਹਾਡੇ ਕੋਲ ਹੀ ਇਹ ਸ਼ਿਕਾਇਤ ਪੈਂਡਿੰਗ ਹੈ ਤਾਂ ਕਹਿਣ ਲੱਗੇ ਕਿ 'ਮੈਂ ਵੇਖਦਾ ਹਾਂ, ਇਨਸਾਫ ਮਿਲ ਕੇ ਰਹੇਗਾ'।

cherry

This news is Content Editor cherry