ਪਹਿਲੇ ਮੀਂਹ ਨਾਲ ਹੀ ਅੰਮ੍ਰਿਤਸਰ ਮਾਲ ਰੋਡ ਫਿਰ ਧਸਿਆ

06/20/2019 2:26:44 PM

ਅੰਮ੍ਰਿਤਸਰ (ਅਵਦੇਸ਼, ਵੜੈਚ) : ਮਾਲ ਰੋਡ ਸਥਿਤ ਨਗਰ ਨਿਗਮ ਕਮਿਸ਼ਨਰ ਨਿਵਾਸ ਦੇ ਬਾਹਰ ਫਿਰ ਤੋਂ ਤੇਜ਼ ਮੀਂਹ ਕਾਰਨ ਸੜਕ ਧਸਣ ਨਾਲ 15 ਫੁੱਟ ਟੋਆ ਪੈ ਗਿਆ, ਜਿਸ ਨਾਲ ਮਾਲ ਰੋਡ 'ਤੇ ਲੰਘਣ ਵਾਲੇ ਰਾਹਗੀਰਾਂ ਅਤੇ ਆਸ-ਪਾਸ ਦੇ ਇਲਾਕਾ ਨਿਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਦੌਰਾਨ ਮੌਕੇ 'ਤੇ ਹੀ ਨਗਰ ਨਿਗਮ ਦੇ ਐੱਸ. ਈ. ਅਨੁਰਾਗ ਮਹਾਜਨ, ਐਕਸੀਅਨ ਸੰਦੀਪ ਸਿੰਘ ਆਦਿ ਮੌਕੇ 'ਤੇ ਪੁੱਜੇ। ਉਕਤ ਜਗ੍ਹਾ 'ਤੇ ਪਹਿਲਾਂ 23 ਸਤੰਬਰ 2018 ਨੂੰ ਮੀਂਹ ਕਾਰਨ ਟੋਆ ਪੈ ਗਿਆ ਸੀ, 8 ਮਹੀਨੇ 28 ਦਿਨ ਬੀਤ ਜਾਣ ਦੇ ਬਾਅਦ ਫਿਰ ਤੋਂ 15 ਫੁੱਟ ਟੋਆ ਪੈ ਗਿਆ, ਜਿਸ 'ਤੇ ਪੀ. ਡਬਲਿਊ. ਡੀ. ਅਤੇ ਨਿਗਮ ਪ੍ਰਸ਼ਾਸਨ ਦੇ ਅਧਿਕਾਰੀ ਇਕ-ਦੂਜੇ ਦੇ ਗਲ਼ ਪੈਣ ਲੱਗੇ। ਨਿਗਮ ਵਲੋਂ ਜੋ ਦੀਵਾਰ ਕੀਤੀ ਗਈ ਸੀ, ਉਸ ਦੇ ਖਤਮ ਹੁੰਦਿਆਂ ਹੀ ਪਾਣੀ ਦੇ ਵਹਾਅ ਨਾਲ ਟੋਆ ਪੈ ਗਿਆ। ਪੀ. ਡਬਲਿਊ. ਡੀ. ਵੱਲੋਂ ਸੀਵਰੇਜ ਵਾਟਰ ਸਪਲਾਈ ਦਾ ਕੰਮ ਕੀਤਾ ਗਿਆ ਸੀ ਅਤੇ ਉਨ੍ਹਾਂ ਵੱਲੋਂ ਹੀ ਮਿੱਟੀ ਆਦਿ ਪਾਈ ਗਈ ਸੀ। ਉਸਾਰੀ ਕੰਮਾਂ ਦੌਰਾਨ ਨਗਰ ਨਿਗਮ ਅਤੇ ਪੀ. ਡਬਲਿਊ. ਡੀ. ਵਿਭਾਗਾਂ ਵਲੋਂ ਕੀਤੀ ਗਈ ਲਾਪ੍ਰਵਾਹੀ ਨੇ ਇਕ ਵਾਰ ਫਿਰ ਵਿਭਾਗਾਂ ਦੀ ਘਟੀਆ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਗਰਾਊਂਡ ਰਿਪੋਰਟ
ਮਾਲ ਰੋਡ ਦੀ ਸੜਕ 'ਤੇ ਪਹਿਲਾਂ ਪਿਆ ਟੋਆ ਕਰੀਬ 1 ਸਾਲ ਲੋਕਾਂ ਲਈ ਮੁਸੀਬਤ ਬਣਿਆ ਰਿਹਾ ਸੀ, ਜਿਸ ਨੂੰ ਲੈ ਕੇ ਕਾਫ਼ੀ ਨੇਤਾਵਾਂ ਨੇ ਪ੍ਰਸ਼ਾਸਨ ਖਿਲਾਫ ਭੜਾਸ ਕੱਢੀ ਸੀ। ਦੁਬਾਰਾ ਫਿਰ ਤੋਂ ਸੜਕ ਧਸਣਾ ਅਧਿਕਾਰੀਆਂ ਦੀ ਲਾਪ੍ਰਵਾਹੀ ਹੈ। ਇਸ ਟੋਏ ਸਬੰਧੀ ਨਗਰ ਨਿਗਮ 'ਚ ਕਮਿਸ਼ਨਰ ਦੀ ਨਿਗਰਾਨੀ ਹੇਠ ਦਰਜਨਾਂ ਬੈਠਕਾਂ ਹੋਈਆਂ, ਜਿਨ੍ਹਾਂ 'ਚ ਸਿਵਲ ਅਤੇ ਟੈਕਨੀਕਲ ਇੰਜੀਨੀਅਰ ਦੇ ਅਧਿਕਾਰੀ ਵੀ ਮੌਜੂਦ ਸਨ। ਇਨ੍ਹਾਂ ਬੈਠਕਾਂ 'ਚ ਇਹ ਚਰਚਾ ਵੀ ਸੀ ਕਿ ਦੀਵਾਰ ਬਣਨ ਤੋਂ ਬਾਅਦ ਇਹ ਕੰਮ ਦੁਬਾਰਾ ਨਹੀਂ ਹੋਵੇਗਾ ਪਰ ਉਨ੍ਹਾਂ 'ਚੋਂ ਕਿਸੇ ਵੀ ਇੰਜੀਨੀਅਰ ਨੇ ਅੱਗੇ ਦੀ ਨਹੀਂ ਸੋਚੀ, ਜਿਸ ਨਾਲ ਅੱਜ ਉਕਤ ਇੰਜੀਨੀਅਰ ਫੇਲ ਹੁੰਦੇ ਨਜ਼ਰ ਆਏ, ਜਿਸ ਦਾ ਨਤੀਜਾ ਲੱਖਾਂ ਰੁਪਏ ਇਹ ਟੋਏੇ ਭਰਨ ਅਤੇ ਸੜਕ ਬਣਨ ਵਿਚ ਲੱਗੇ ਸਨ ਪਰ ਅੱਜ ਦੁਬਾਰਾ ਸੜਕ ਧਸਣ ਤੋਂ ਬਾਅਦ ਇੰਜੀਨੀਅਰਾਂ ਅਤੇ ਉਕਤ ਜਗ੍ਹਾ 'ਤੇ ਕੰਮ ਕਰ ਰਹੇ ਠੇਕੇਦਾਰ ਦੇ ਕੰਮ ਦੀ ਪੋਲ ਖੁੱਲ੍ਹ ਗਈ ਹੈ। ਜਿਸ ਜਗ੍ਹਾ ਸੜਕ ਧਸੀ, ਉਥੇ ਸੀਵਰੇਜ ਦੀ ਹੌਦੀ ਬਣੀ ਹੈ, ਜਿਸ ਵਿਚੋਂ ਪਾਣੀ ਲੀਕ ਹੋ ਰਿਹਾ ਸੀ, ਜਦੋਂ ਮੀਂਹ ਦੇ ਪਾਣੀ ਦਾ ਵਹਾਅ ਸੀਵਰੇਜ 'ਚ ਜ਼ਿਆਦਾ ਆਇਆ ਤਾਂ ਪਾਣੀ ਮਿੱਟੀ 'ਚੋਂ ਰਸਤਾ ਬਣਾਉਂਦਾ ਹੋਇਆ ਦੀਵਾਰ ਨਾਲ ਬਣਦਾ ਗਿਆ ਅਤੇ ਉਕਤ ਜਗ੍ਹਾ ਦੀ ਸੜਕ ਧਸ ਗਈ ਅਤੇ 15 ਫੁੱਟ ਟੋਆ ਬਣ ਗਿਆ।

ਸਹੂਲਤਾਂ ਦੇਣ 'ਚ ਨਾਕਾਮ ਪੰਜਾਬ ਸਰਕਾਰ : ਜੋਸ਼ੀ
ਮਾਲ ਰੋਡ 'ਤੇ ਪਏ ਟੋਏ ਨੂੰ ਲੈ ਕੇ ਮੌਕੇ 'ਤੇ ਪੁੱਜੇ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਮਾਲ ਰੋਡ 'ਤੇ ਪਹਿਲਾਂ ਪਏ ਟੋਏ ਨੂੰ ਠੀਕ ਕਰਨ ਲਈ ਕਾਂਗਰਸ ਸਰਕਾਰ ਨੇ ਕਰੀਬ ਡੇਢ ਸਾਲ ਲੰਘਾ ਦਿੱਤਾ ਸੀ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਦੇ ਕੀਤੇ ਉਸਾਰੀ ਕੰਮਾਂ ਵਿਚ ਘਪਲੇ ਦੀ ਬਦਬੂ ਆ ਰਹੀ ਹੈ ਕਿਉਂਕਿ ਜੇਕਰ ਉਸਾਰੀ ਕੰਮ ਠੀਕ ਢੰਗ ਨਾਲ ਕੀਤੇ ਗਏ ਹੁੰਦੇ ਤਾਂ ਦੁਬਾਰਾ ਮਾਲ ਰੋਡ 'ਤੇ ਟੋਆ ਪੈਣ ਦੇ ਲੱਛਣ ਹੀ ਪੈਦਾ ਨਾ ਹੋਣ। ਇਹ ਨਗਰ ਨਿਗਮ ਅਤੇ ਪੀ. ਡਬਲਿਊ. ਡੀ. ਵਿਭਾਗ ਦੇ ਘਟੀਆ ਕੰਮਾਂ ਨੂੰ ਉੁਜਾਗਰ ਕਰਦਾ ਹੈ।

ਨਗਰ ਨਿਗਮ ਨੇ ਮਿਹਨਤ ਨਾਲ ਕੀਤਾ ਸੀ ਕੰਮ : ਮੇਅਰ
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਮਾਲ ਰੋਡ 'ਤੇ ਪਏ ਟੋਏ ਦੀ ਉਸਾਰੀ ਦੇ ਕੰਮਾਂ ਨੂੰ ਲੈ ਕੇ ਨਗਰ ਨਿਗਮ ਦੇ ਵਿਭਾਗ ਨੇ ਮਿਹਨਤ ਨਾਲ ਕੰਮ ਕਰਦਿਆਂ ਮਾਲ ਰੋਡ 'ਤੇ ਆਵਾਜਾਈ ਬਹਾਲ ਕਰਵਾਈ ਸੀ। ਉਨ੍ਹਾਂ ਕਿਹਾ ਕਿ ਪਤਾ ਲੱਗਾ ਹੈ ਕਿ ਪੀ. ਡਬਲਿਊ. ਡੀ. ਵਿਭਾਗ ਵੱਲੋਂ ਬਣਾਈ ਗਈ ਪਾਣੀ ਦੀ ਹੌਦੀ ਨਾਲ ਪਾਣੀ ਲੀਕ ਹੋਣ ਕਾਰਨ ਇਹ ਟੋਆ ਪਿਆ ਹੈ। ਉਨ੍ਹਾਂ ਕਿਹਾ ਕਿ ਉਕਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰ ਕੇ ਹੌਦੀ ਦੀ ਤੁਰੰਤ ਮੁਰੰਮਤ ਕਰਵਾ ਕੇ ਸੜਕ 'ਤੇ ਪਏ ਖੱਡੇ ਨੂੰ ਬੰਦ ਕਰਵਾ ਦਿੱਤਾ ਜਾਵੇਗਾ।
 

ਸੁਖਦੇਵ ਸਿੰਘ, ਐੱਸ. ਈ. ਪੀ. ਡਬਲਿਊ. ਡੀ.
ਪਤਾ ਲੱਗਾ ਹੈ ਕਿ ਮਾਲ ਰੋਡ 'ਤੇ ਸੜਕ ਧਸੀ ਹੈ, ਕੀ ਕਾਰਨ ਹੈ, ਇਸ ਨੂੰ ਲੈ ਕੇ ਮੌਕੇ ਦਾ ਮੁਆਇਨਾ ਕੀਤਾ ਜਾਵੇਗਾ। ਜਾਂਚ ਤੋਂ ਬਾਅਦ ਜੇਕਰ ਠੇਕੇਦਾਰ ਦੀ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਉਸ ਨੂੰ ਬਲੈਕ ਲਿਸਟ ਕੀਤਾ ਜਾਵੇਗਾ ਜਾਂ ਕਿਸੇ ਅਧਿਕਾਰੀ ਦੀ ਕੋਈ ਲਾਪ੍ਰਵਾਹੀ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਹੋਵੇਗੀ। ਸੀਵਰੇਜ ਅਤੇ ਮਿੱਟੀ ਪਾਉਣ ਦਾ ਕੰਮ ਪੀ. ਡਬਲਿਊ. ਡੀ. ਨੇ ਕੀਤਾ ਹੈ। 

Baljeet Kaur

This news is Content Editor Baljeet Kaur