ਕਦੇ ਖਾਣ ਨੂੰ ਵੀ ਤਰਸਦਾ ਸੀ ਕਿਰਨ ਦਾ ਪਰਿਵਾਰ, KBC ਨੇ ਬਣਾਇਆ ਲੱਖਪਤੀ

09/08/2018 4:20:35 PM

ਅੰਮ੍ਰਿਤਸਰ : ਗੁਰੂ ਨਗਰੀ 'ਚ ਇਕ ਗਰੀਬ ਪਰਿਵਾਰ ਨਾਲ ਸਬੰਧਤ ਰਈਆ ਸਥਿਤ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਦੀ ਅਸਿਸਟੈਂਟ ਪ੍ਰੋਫੈਸਰ (ਫਿਜ਼ੀਕਲ ਐਜੂਕੇਸ਼ਨ) ਕਿਰਨ ਨੇ 'ਕੇਬੀਸੀ' 'ਚੋਂ 1.60 ਲੱਖ ਰੁਪਏ ਜਿੱਤੇ ਹਨ। ਜਾਣਕਾਰੀ ਮੁਤਾਬਕ ਕਿਰਨ ਦੇ ਪਿਤਾ ਰਾਮ ਅਜੌਰ ਉਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲੇ ਦੇ ਪਿੰਡ ਗੋਕੁਲਾ ਤੋਂ 26 ਸਾਲ ਪਹਿਲਾਂ ਬੱਚਿਆਂ ਦੇ ਚੰਗੇ ਭਵਿੱਖ ਲਈ ਅੰਮ੍ਰਿਤਸਰ ਆ ਗਏ ਸੀ। ਰੇਹੜੀ 'ਤੇ ਫੁੱਲ ਤੇ ਪੌਦੇ ਵੇਚਣ ਵਾਲੇ 10ਵੀਂ ਫੇਲ ਰਾਮ ਅਜੌਰ ਨੇ ਗਰੀਬੀ ਦਾ ਅਸਰ ਬੱਚਿਆਂ ਦੀ ਪੜ੍ਹਾਈ 'ਤੇ ਨਹੀਂ ਪੈਣ ਦਿੱਤਾ। ਉਹ ਆਪਣੇ ਪੂਰੇ ਪਰਿਵਾਰ ਸਮੇਤ ਕਿਰਾਏ 'ਤੇ ਰਹਿੰਦਾ ਹੈ। 

ਬੁੱਧਵਾਰ ਰਾਤ ਜਦੋਂ ਪ੍ਰਸਿੱਧ ਟੀ.ਵੀ. ਸ਼ੋਅ ਦੀ 'ਕੌਣ ਬਣੇਗਾ ਕਰੋੜਪਤੀ' ਦੇ 10ਵੇਂ ਪੜਾਅ ਦੀ ਸ਼ੁਰੂਆਤ 'ਚ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਗਰੀਬ ਪਰਿਵਾਰ ਦੀ ਲੜਕੀ ਕਿਰਨ ਦੀ ਕਹਾਣੀ ਦੱਸੀ ਤਾਂ ਦਰਸ਼ਕਾਂ ਨੇ ਤਾੜੀਆਂ ਵਜਾ ਕੇ ਕਿਰਨ ਦੀ ਹੌਸਲਾ ਅਫਜਾਈ ਕੀਤੀ। ਕਿਰਨ ਨੇ ਬਿੱਗ ਬੀ ਦੇ ਸਾਹਮਣੇ ਹਾਟ ਸੀਟ 'ਤੇ ਬੈਠਕੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਇਕ ਲੱਖ 60 ਹਜ਼ਾਰ ਰੁਪਏ ਜਿੱਤੇ। 24 ਸਾਲਾ ਕਿਰਨ ਆਪਣੀ ਤੇ ਛੋਟੇ ਭੈਣ-ਭਰਾ ਦੀ ਸਿੱਖਿਆ ਦਾ ਸਿਹਰਾ ਆਪਣੇ ਪਿਤਾ ਰਾਮ ਅਜੌਰ ਤੇ ਮਾਂ ਕੁਸਮ ਦੇਵੀ ਨੂੰ ਦਿੰਦੀ ਹੈ, ਜਿਨ੍ਹਾਂ ਨੇ ਖੁਦ ਭੁੱਖੇ ਰਹਿ ਕੇ ਉਨ੍ਹਾਂ ਨੂੰ ਉੱਚ ਸਿੱਖਿਆ ਦਿਵਾਈ। ਕਿਰਨ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਦੇ ਮਾਤਾ-ਪਿਤਾ ਨੇ ਪੜ੍ਹਾਈ ਦੀ ਅਹਿਮੀਅਤ ਸਮਝੀ ਹੈ। ਕਿਰਨ ਨੇ 12ਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ 'ਚ ਕੀਤੀ, ਫਿਰ ਖਾਲਸਾ ਕਾਲਜ ਆਫ ਵੂਮੈਨ ਤੋਂ ਸਿੱਖਿਆ ਹਾਸਲ ਕੀਤੀ। ਹੁਣ ਪੀ. ਐੱਚ.ਡੀ. ਕਰ ਰਹੀ ਹੈ। ਉਹ ਆਈ.ਪੀ.ਐੱਸ. ਅਫਸਰ ਬਣਨਾ ਚਾਹੁੰਦੀ ਹੈ।  

ਕੇ.ਬੀ.ਸੀ. 'ਚ ਜਾਣਾ ਹੀ ਵੱਡੀ ਉਪਲੱਬਧੀ 
ਕਿਰਣ ਦਾ ਕਹਿਣਾ ਹੈ ਕਿ ਭਾਵੇਂ ਉਹ 'ਕੇਬੀਸੀ' 'ਚ ਜ਼ਿਆਦਾ ਰਕਮ ਨਹੀਂ ਕਮਾ ਸਕੀ ਪਰ ਸ਼ੋਅ 'ਚ ਭਾਗ ਲੈਣਾ ਹੀ ਵੱਡੀ ਉਪਲੱਬਧੀ ਸੀ। ਉਹ ਪਹਿਲੀ ਵਾਰ ਜਹਾਜ਼ 'ਚ ਬੈਠੀ ਤੇ ਮੁੰਬਈ ਦੇਖੀ। ਸਭ ਤੋਂ ਮਹੱਤਵਪੂਰਨ ਸੀ ਅਮਿਤਾਭ ਬੱਚਨ ਜੀ ਨੂੰ ਮਿਲਣਾ।