ਅੰਮ੍ਰਿਤਸਰ 'ਚ ਵੱਡਾ ਰੇਲ ਹਾਦਸਾ : 60 ਲੋਕਾਂ ਦੀ ਮੌਤ, 40 ਤੋਂ ਵੱਧ ਜ਼ਖਮੀ (ਵੀਡੀਓ)

10/20/2018 2:49:44 AM

ਅੰਮ੍ਰਿਤਸਰ— ਸ਼ਹਿਰ ਦੇ ਜੌੜਾ ਫਾਟਕ ਨੇੜੇ ਕਈ ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਮੁਤਾਬਕ ਅੰਮ੍ਰਿਤਸਰ ਵਿਖੇ ਅੱਜ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਦੁਸਹਿਰਾ ਉਤਸਵ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਉਣ ਤੋਂ ਬਾਅਦ ਮਚੀ ਭਗਦੜ ਵਿਚ 'ਚ 60 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ । ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਰੇਲਵੇ ਦੇ ਆਲਾਅਧਿਕਾਰੀ ਪੁਲਸ ਫੋਰਸ ਸਮੇਤ ਪਹੁੰਚ ਚੁਕੇ ਹਨ, ਜਿਨ੍ਹਾਂ ਵਲੋਂ ਬਚਾਅ ਕਾਰਜ ਜਾਰੀ ਹੈ। ਜ਼ਖਮੀਆਂ ਨੂੰ 108 ਐਂਬੂਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ ਹੈ। ਉਥੇ ਹੀ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਅਤੇ ਰਾਜਪਾਲ ਸ਼੍ਰੀ ਵੀ. ਪੀ. ਸਿੰਘ ਬਦਨੋਰ ਵੀ ਹਾਲਾਤਾਂ ਦਾ ਜਾਏਜ਼ਾ ਲੈਣ ਲਈ ਗੁਰੂ ਨਾਨਕ ਹਸਪਤਾਲ ਪਹੁੰਚ ਗਏ ਹਨ।

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਦਾ ਮੁਆਵਜ਼ਾ 
ਪੰਜਾਬ ਸਰਕਾਰ ਵਲੋਂ ਹਾਦਸੇ 'ਚ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜਾ ਦੇਣ ਦਾ ਐਲਾਨ ਕੀਤਾ ਗਿਆ ਹੈ। ਉਥੇ ਹੀ ਸਰਕਾਰ ਵਲੋਂ ਜ਼ਖਮੀਆਂ ਦਾ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ 'ਚ ਮੁਫਤ ਇਲਾਜ ਕਰਵਾਇਆ ਜਾਵੇਗਾ।

ਇਸ ਹਾਦਸੇ ਦੀਆਂ ਦਰਦਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਦੇਖਿਆ ਨਹੀਂ ਜਾ ਸਕਦਾ ਹੈ। ਰੇਲਵੇ ਟਰੈਕ ਨੇੜੇ ਖੂਨ ਨਾਲ ਲਥਪੱਥ ਲਾਸ਼ਾਂ ਬਿਖਰੀਆਂ ਪਈਆਂ ਹੋਈਆਂ ਹਨ। ਘਟਨਾ ਸਥਾਨ 'ਤੇ ਮੌਜੂਦ ਚਸ਼ਮਦੀਦਾਂ ਮੁਤਾਬਕ ਟਰੇਨ ਦੀ ਸਪੀਡ ਬਹੁਤ ਜ਼ਿਆਦਾ ਸੀ, ਜਦਕਿ ਭੀੜ ਭਾੜ ਵਾਲੇ ਇਲਾਕੇ ਨੂੰ ਦੇਖਦੇ ਹੋਏ ਇਸ ਰਫਤਾਰ ਘੱਟ ਹੋਣੀ ਚਾਹੀਦੀ ਸੀ। ਇਸ ਘਟਨਾ ਨੂੰ ਲੈ ਕੇ ਸਥਾਨਕ ਲੋਕਾਂ 'ਚ ਕਾਫੀ ਨਾਰਾਜ਼ਗੀ ਹੈ।

ਘਟਨਾ ਸਥਾਨ 'ਤੇ ਕਈ ਲੋਕ ਇੱਕਠੇ ਹੋ ਗਏ ਹਨ ਅਤੇ ਜਿਨ੍ਹਾਂ 'ਚੋਂ ਕਈ ਆਪਣੇ ਪਰਿਵਾਰਕ ਮੈਂਬਰਾਂ ਦੀ ਤਲਾਸ਼ ਕਰ ਰਹੇ ਹਨ, ਜੋ ਦੁਸ਼ਹਿਰਾ ਦੇਖਣ ਆਏ ਸਨ। ਪੁਲਸ ਅਤੇ ਰੇਲਵੇ ਕਰਮਚਾਰੀਆਂ ਵਲੋਂ ਬਚਾਅ ਕਾਰਜ ਜਾਰੀ ਹੈ ਅਤੇ ਜ਼ਖਮੀਆਂ ਨੂੰ ਹਸਪਤਾਲ 'ਚ ਪਹੁੰਚਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਟਰੇਨ ਜਲੰਧਰ ਵਾਲੇ ਪਾਸਿਓ ਅੰਮ੍ਰਿਤਸਰ ਨੂੰ ਜਾ ਰਹੀ ਸੀ।