ਇੱਟਾਂ ਵੀ ਗਵਾਹੀ ਭਰਦੀਆਂ ਨੇ ਜਲ੍ਹਿਆਂਵਾਲੇ ਬਾਗ ਦੇ ਦੁਖਾਂਤ ਦੀ

12/11/2018 1:09:32 PM

ਅੰਮ੍ਰਿਤਸਰ - ਅੰਮ੍ਰਿਤਸਰ ਵਿਖੇ ਸਥਿਤ ਜਲ੍ਹਿਆਂਵਾਲਾ ਬਾਗ ਉਨ੍ਹਾਂ ਦੋ ਹਜ਼ਾਰ ਭਾਰਤੀਆਂ ਦੀ ਯਾਦ ਦਿਵਾਉਂਦਾ ਹੈ ਜਿਹੜੇ 13 ਅਪ੍ਰੈਲ 1919 ਈ. 'ਚ ਜਨਰਲ ਡਾਇਰ ਦੇ ਹੁਕਮਾਂ ਦੇ ਕਾਰਨ ਮਾਰੇ ਅਤੇ ਬੁਰੀ ਤਰ੍ਹਾਂ ਜ਼ਖਮੀ ਕੀਤੇ ਗਏ ਸਨ । ਇਤਿਹਾਸ ਮੁਤਾਬਕ ਉਸ ਮੌਕੇ ਉਹ ਸਾਰੇ ਲੋਕ ਕੇਵਲ ਇਕ ਸ਼ਾਂਤਮਈ ਇਕੱਠ ਕਰ ਰਹੇ ਸਨ ।ਇਹ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੀ ਸਭ ਤੋਂ ਪ੍ਰਮੁੱਖ ਘਟਨਾ ਸੀ। ਇਥੇ ਬਣੀ ਸ਼ਹੀਦਾਂ ਦੀ ਯਾਦ 'ਚ ਗੈਲਰੀ ਉਸ ਮੌਕੇ ਹਲਾਤ ਨੂੰ ਬਾਖੂਬੀ ਬਿਆਨ ਕਰਦੀ ਹੈ। ਇਥੇ ਅੱਜ ਵੀ ਦੀਵਾਰ ਦਾ ਉਹ ਹਿੱਸਾ ਮੌਜੂਦ ਹੈ, ਜਿਸ 'ਤੇ ਉਸ ਮੌਕੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਹਨ। ਇਥੇ ਉਹ ਖੂਹ ਵੀ ਮੌਜੂਦ ਹੈ ਜਿਸ 'ਚ ਨਿਰਦੋਸ਼ ਅਤੇ ਨਿਹੱਥੇ ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਛਾਲਾਂ ਮਾਰ ਦਿੱਤੀਆਂ ਸਨ।

ਜਲ੍ਹਿਆਂਵਾਲਾ ਬਾਗ ਦਾ ਇਤਿਹਾਸ 
13 ਅਪ੍ਰੈਲ 1919 ਐਤਵਾਰ ਦੇ ਦਿਨ ਅੰਮ੍ਰਿਤਸਰ ਦੇ ਨਾਗਰਿਕ ਸ਼ਾਮ ਦੇ 4 ਵਜੇ ਆਪਣੇ ਨੇਤਾਵਾਂ ਡਾਕਟਰ ਸੈਫੁੱਦੀਨ ਕਿਚਲੂ ਅਤੇ ਡਾਕਟਰ ਸਤਿਆਪਾਲ ਦੀ ਗ੍ਰਿਫਤਾਰੀ ਦੇ ਵਿਰੋਧ ਲਈ ਜਲ੍ਹਿਆਂਵਾਲਾ ਬਾਗ 'ਚ ਇਕੱਤਰ ਹੋਏ ਸਨ। ਇਹ ਬਾਗ 200 ਗਜ ਲੰਮਾ ਅਤੇ 100 ਗਜ ਚੌੜਾ ਸੀ। ਉਸਦੇ ਚਾਰੇ ਪਾਸੇ ਦੀਵਾਰ ਸੀ ਅਤੇ ਦੀਵਾਰ ਦੇ ਨਾਲ ਹੀ ਕਈ ਘਰ ਬਣੇ ਹੋਏ ਸਨ। ਬਾਹਰ ਨਿਕਲਣ ਲਈ ਇਕ ਛੋਟਾ ਜਿਹਾ ਤੰਗ ਰਸਤਾ ਸੀ। ਸਾਰਾ ਬਾਗ ਖਚਾ-ਖਚ ਭਰਿਆ ਹੋਇਆ ਸੀ। ਇਸ ਸਮੇਂ ਜਨਰਲ ਡਾਇਰ ਨੇ ਸੈਨਿਕਾਂ ਨਾਲ ਜਲ੍ਹਿਆਂਵਾਲਾ ਬਾਗ ਨੂੰ ਘੇਰ ਲਿਆ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਹ ਗੋਲੀਬਾਰੀ ਲਗਭਗ 10 ਮਿੰਟ ਤੱਕ ਜਾਰੀ ਰਹੀ। ਡਾਇਰ ਅਨੁਸਾਰ 1,650 ਗੋਲੀਆਂ ਚਲੀਆਂ ਗਈਆਂ ਸਨ ਜਦਕਿ ਕੁਝ ਲੋਕਾਂ ਨੇ ਡਾਇਰ ਵਲੋ ਚਲਾਈਆਂ ਗੋਲੀਆਂ ਦੀ ਗਿਣਤੀ ਨੂੰ ਵਧੇਰੇ ਦੱਸਿਆ ਹੈ। 


ਅਚਾਨਕ ਗੋਲੀਆਂ ਚੱਲਣ ਦੇ ਕਾਰਨ ਜਾਨ ਬਚਾਉਣ ਲਈ ਬਹੁਤ ਸਾਰੇ ਲੋਕਾਂ ਨੇ ਪਾਰਕ 'ਚ ਮੌਜੂਦ ਖੂਹ 'ਚ ਛਾਲਾਂ ਮਾਰ ਦਿੱਤੀਆਂ। ਇਸ ਗੱਲ ਦੀ ਗਵਾਹੀ ਬਾਗ 'ਚ ਲੱਗੀ ਫੱਟੀ ਭਰਦੀ ਹੈ, ਜਿਸ 'ਤੇ ਲਿਖਿਆ ਹੈ ਕਿ 120 ਲਾਸ਼ਾਂ ਤਾਂ ਸਿਰਫ ਖੂਹ 'ਚੋਂ ਹੀ ਮਿਲਿਆਂ ਸਨ। ਇਨ੍ਹਾਂ ਲਾਸ਼ਾਂ ਦੀ ਗਿਣਤੀ ਬਾਰੇ ਪੰਡਤ ਮਦਨ ਮੋਹਨ ਮਾਲਵੀਆ ਨੇ ਲਿਖਿਆ ਹੈ ਕਿ ਘੱਟੋਂ-ਘੱਟ 1300 ਲੋਕ ਮਾਰੇ ਗਏ ਸਨ। ਇਸ ਹੱਤਿਆਕਾਂਡ ਤੋਂ ਬਾਅਦ ਡਾ. ਰਵਿੰਦਰਨਾਥ ਟੈਗੋਰ ਨੇ ਅੰਗਰੇਜ਼ ਸਰਕਾਰ ਵਲੋਂ ਦਿੱਤੀ ਗਈ ਸਰ ਦੀ ਉਪਾਧੀ ਵਾਪਸ ਕਰ ਦਿੱਤੀ ਸੀ। ਇਸ ਵਾਕੇ ਦਾ ਬਦਲਾ ਲੈਣ ਲਈ ਸਰਦਾਰ ਉਧਮ ਸਿੰਘ ਨੇ ਲੰਡਨ ਜਾਕੇ ਗੋਲੀਆਂ ਨਾਲ ਜਨਰਲ ਡਾਇਰ ਨੂੰ ਭੁੰਨ ਦਿੱਤਾ ਸੀ।

Baljeet Kaur

This news is Content Editor Baljeet Kaur