ਅੰਮ੍ਰਿਤਸਰ ਜੇਲ ਬ੍ਰੇਕ ਮਾਮਲੇ ''ਚ ਪੁਲਸ ਦੀ ਵੱਡੀ ਕਾਰਵਾਈ, ਤਿੰਨ ਕਰਮਚਾਰੀ ਗ੍ਰਿਫਤਾਰ

02/04/2020 6:21:21 PM

ਅੰਮ੍ਰਿਤਸਰ (ਸੰਜੀਵ) : ਕੇਂਦਰੀ ਜੇਲ 'ਚੋਂ ਤਿੰਨ ਕੈਦੀਆਂ ਦੇ ਫਰਾਰ ਹੋਣ ਦੇ ਮਾਮਲੇ ਵਿਚ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਜੇਲ ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਵਧੀਕ ਜੇਲ ਸੁਪਰਡੈਂਟ ਬਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਹਵਾਲਾਤੀ ਗੁਰਪ੍ਰੀਤ ਸਿੰਘ ਗੋਪੀ, ਜਰਨੈਲ ਸਿੰਘ ਨਿਵਾਸੀ ਖਡੂਰ ਸਾਹਿਬ ਅਤੇ ਹਵਾਲਾਤੀ ਵਿਸ਼ਾਲ ਸ਼ਰਮਾ ਨਿਵਾਸੀ ਮਜੀਠਾ ਰੋਡ, ਵਾਰਡਨ ਸ਼ਮਸ਼ੇਰ ਸਿੰਘ, ਵਾਰਡਨ ਧੀਰ ਸਿੰਘ ਅਤੇ ਪੰਜਾਬ ਹੋਮਗਾਰਡ ਦੇ ਜਵਾਨ ਕਸ਼ਮੀਰ ਸਿੰਘ ਨਿਵਾਸੀ ਲੁਧਿਆਣਾ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ 'ਚੋਂ ਤਿੰਨ ਅਧਿਕਾਰੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।

ਡਵੀਜ਼ਨ ਕਮਿਸ਼ਨਰ ਵਲੋਂ ਜੇਲ ਦਾ ਦੌਰਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਜੇਲ ਬ੍ਰੇਕ ਕਾਂਡ ਵਿਚ ਕਰਵਾਈ ਜਾ ਰਹੀ ਨਿਆਂ-ਅਧਿਕਾਰੀ ਜਾਂਚ ਨੂੰ ਲੈ ਕੇ ਜਲੰਧਰ ਦੇ ਡਵੀਜ਼ਨ ਕਮਿਸ਼ਨਰ ਬੀ ਪੁਰੁਸ਼ਾਰਥ ਸੋਮਵਾਰ ਨੂੰ ਅੰਮ੍ਰਿਤਸਰ ਜੇਲ ਪੁੱਜੇ ਜਿੱਥੇ ਉਨ੍ਹਾਂ ਨੇ ਜੇਲ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕੀਤੀ। ਬੈਠਕ ਤੋਂ ਬਾਅਦ ਉਸ ਬੈਰਕ ਦੇ ਕਮਰੇ ਅਤੇ ਉਨ੍ਹਾਂ ਕੰਧਾਂ ਦਾ ਮੁਆਇਨਾ ਕੀਤਾ, ਜਿੱਥੇ ਫਰਾਰ ਹੋਏ ਤਿੰਨਾਂ ਹਵਾਲਾਤੀ ਰਹਿ ਰਹੇ ਸਨ ਅਤੇ ਜਿਸ ਦੀਵਾਰ ਨੂੰ ਤੋੜ ਕੇ ਉਹ ਫਰਾਰ ਹੋਏ, ਉਨ੍ਹਾਂ ਸਭ ਦੀ ਬਾਰੀਕੀ ਨਾਲ ਜਾਂਚ ਤੋਂ ਬਾਅਦ ਫੋਟੋਗ੍ਰਾਫੀ ਕਰਵਾਈ ਗਈ। ਜਾਂਚ ਦੌਰਾਨ ਜੇਲ ਬ੍ਰੇਕ ਕਾਂਡ ਦਾ ਪੂਰਾ ਨਕਸ਼ਾ ਬਣਾਇਆ ਗਿਆ ਜਿਸ ਵਿਚ ਬੈਰਕ ਦੇ ਉਸ ਕਮਰੇ ਦੀ ਦੀਵਾਰ ਤੋਂ ਲੈ ਕੇ ਉਨ੍ਹਾਂ ਦੀਵਾਰਾਂ ਦੇ ਪੂਰੇ ਰਸਤੇ ਨੂੰ ਨਾਪਿਆ ਗਿਆ ਅਤੇ ਜਿਸ ਤਰ੍ਹਾਂ ਨਾਲ ਹਵਾਲਾਤੀ ਫਰਾਰ ਹੋਏ ਉਸ ਦਾ ਵੀ ਖਾਕਾ ਤਿਆਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕੁਝ ਕੈਦੀਆਂ ਅਤੇ ਹਵਾਲਾਤੀਆਂ ਤੋਂ ਵੀ ਪੁੱਛਗਿਛ ਕੀਤੀ ਗਈ। ਪੁਲਸ ਵੱਲੋਂ ਹਰ ਉਸ ਚੀਜ਼ ਨੂੰ ਕਬਜ਼ੇ ਵਿਚ ਲਿਆ ਗਿਆ, ਜਿਸ ਨੂੰ ਹਵਾਲਾਤੀਆਂ ਨੇ ਜੇਲ ਬ੍ਰੇਕ ਕਾਂਡ ਦੌਰਾਨ ਇਸਤੇਮਾਲ ਕੀਤਾ ਸੀ।

ਡਵੀਜਨਲ ਕਮਿਸ਼ਨਰ ਬੀ ਪੁਰੁਸ਼ਾਰਥ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਸ ਸਪਾਟ ਦੀ ਵੀ ਜਾਂਚ ਕੀਤੀ। ਉਹ ਇਕ ਮਹੀਨੇ ਵਿਚ ਇਸ ਪੂਰੇ ਮਾਮਲੇ ਦੀ ਰਿਪੋਰਟ ਬਣਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਣਗੇ। ਜਾਂਚ ਵਿਚ ਹਰ ਉਸ ਅਧਿਕਾਰੀ ਨੂੰ ਸ਼ਾਮਿਲ ਕੀਤਾ ਜਾਵੇਗਾ, ਜਿਸ ਦੀ ਭੂਮਿਕਾ ਹਵਾਲਾਤੀਆਂ ਦੇ ਫਰਾਰ ਹੋਣ ਦੇ ਨਾਲ ਜੁੜੀ ਹੋਵੇਗੀ।

ਜੇਲ ਦੀਆਂ ਤਾਰਾਂ 'ਚ ਨਹੀਂ ਸੀ ਕਰੰਟ
ਜੇਲ ਬ੍ਰੇਕ ਕਾਂਡ ਦੌਰਾਨ 3 ਹਵਾਲਾਤੀਆਂ ਵੱਲੋਂ 12 ਤੋਂ 20 ਫੁੱਟ ਉੱਚੀਆਂ ਤਿੰਨ ਦੀਵਾਰਾਂ ਨੂੰ ਸੰਨ੍ਹ ਲਾਈ ਗਈ ਜਿੱਥੇ ਕੰਡਿਆਲੀ ਤਾਰ ਵੀ ਲੱਗੀ ਹੋਈ ਸੀ ਪਰ ਹੈਰਾਨਗੀ ਸੀ ਕਿ ਇਨ੍ਹਾਂ ਤਾਰਾਂ 'ਤੇ ਰਾਤ ਦੇ ਸਮੇਂ ਕਰੰਟ ਨਹੀਂ ਛੱਡਿਆ ਗਿਆ ਸੀ। ਹੁਣ ਅੰਮ੍ਰਿਤਸਰ ਜੇਲ ਬ੍ਰੇਕ ਕਾਂਡ ਤੋਂ ਬਾਅਦ ਪ੍ਰਸ਼ਾਸਨ ਛੇਤੀ ਹੀ ਦੀਵਾਰਾਂ 'ਤੇ ਲੱਗੀਆਂ ਤਾਰਾਂ ਵਿਚ ਕਰੰਟ ਛੱਡਣ ਦਾ ਏ. ਐੱਮ. ਸੀ. ਕਰਵਾਉਣ ਜਾ ਰਿਹਾ ਹੈ।

ਜੇਲ ਦਾ ਹੋਵੇਗਾ ਟੈਕਨੀਕਲ ਆਡਿਟ : ਸੁਖਜਿੰਦਰ ਰੰਧਾਵਾ
ਅੰਮ੍ਰਿਤਸਰ ਵਿਚ ਹੋਏ ਜੇਲ ਬ੍ਰੇਕ ਕਾਂਡ 'ਤੇ ਬੋਲਦੇ ਹੋਏ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਛੇਤੀ ਜੇਲ ਦਾ ਟੈਕਨੀਕਲ ਆਡਿਟ ਕਰਵਾਉਣ ਜਾ ਰਹੇ ਹਨ। ਤਿੰਨ ਸਾਲ ਪਹਿਲਾਂ ਸਰਕਾਰ ਨੂੰ ਹੈਂਡਓਵਰ ਕੀਤੀ ਗਈ ਜੇਲ ਦੀ ਇਮਾਰਤ ਵਿਚ ਬਹੁਤ ਸਾਰੀਆਂ ਅਜਿਹੀਆਂ ਕਮੀਆਂ ਹਨ, ਜੋ ਜਾਂਚ ਦੇ ਦਾਇਰੇ ਵਿਚ ਹਨ। ਜੇਲ ਦਾ ਮਟੀਰੀਅਲ ਵੀ ਘਟੀਆ ਇਸਤੇਮਾਲ ਕੀਤਾ ਗਿਆ ਹੈ। ਅਕਾਲੀ ਦਲ ਵੱਲੋਂ ਤਿਆਰ ਕਰਵਾਈ ਗਈ ਅੰਮ੍ਰਿਤਸਰ ਕੇਂਦਰੀ ਜੇਲ ਦੇ ਢਾਂਚੇ ਦੀ ਆਰਕੀਟੈਕਚਰਲ ਜਾਂਚ ਵੀ ਕਰਵਾਈ ਜਾਵੇਗੀ। ਇਸ ਜੇਲ ਵਿਚ 65 ਫ਼ੀਸਦੀ ਅਪਰਾਧੀ ਐੱਨ. ਡੀ. ਪੀ. ਐੱਸ. ਨਾਲ ਜੁੜੇ ਹੋਏ ਹਨ, ਜਿਨ੍ਹਾਂ ਦੀ ਸੁਰੱਖਿਆ ਲਈ ਜੇਲ ਵਿਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਪਰ ਉਨ੍ਹਾਂ ਨੂੰ ਅਹਿਸਾਸ ਨਹੀਂ ਸੀ ਕਿ ਦੀਵਾਰਾਂ ਇੰਨੀਆਂ ਕੱਚੀਆਂ ਹੋਣਗੀਆਂ ਕਿ ਜਿਨ੍ਹਾਂ ਨੂੰ ਕੋਈ ਵੀ ਅਪਰਾਧੀ ਸਿਰਫ ਇਕ ਸਰੀਏ ਨਾਲ ਤੋੜ ਦੇਵੇਗਾ। ਇਸ 'ਤੇ ਇਕ ਸਪੈਸ਼ਲ ਟੀਮ ਬਣਾ ਕੇ ਜੇਲ ਵਿਚ ਲਾਏ ਗਏ ਮਟੀਰੀਅਲ ਦੀ ਫੋਰੈਂਸਿਕ ਜਾਂਚ ਵੀ ਹੋਵੇਗੀ। ਜੇਲ ਬ੍ਰੇਕ ਕਾਂਡ ਵਿਚ ਜ਼ਿੰਮੇਵਾਰ 7 ਅਧਿਕਾਰੀਆਂ ਦੇ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ 'ਚੋਂ 4 ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।

Gurminder Singh

This news is Content Editor Gurminder Singh