ਅੰਮ੍ਰਿਤਸਰ ਜੇਲ ਬ੍ਰੇਕ ਤੋਂ ਬਾਅਦ ਲੁਧਿਆਣਾ ਜੇਲ ਦੀ ਸੁਰੱਖਿਆ ਸਖਤ ਕਰਨ ਦੇ ਹੁਕਮ

02/03/2020 6:47:00 PM

ਲੁਧਿਆਣਾ (ਸਿਆਲ) : ਅੰਮ੍ਰਿਤਸਰ ਸੈਂਟ੍ਰਲ ਜੇਲ ਬ੍ਰੇਕ ਕਾਂਡ ਦੀ ਘਟਨਾ ਦੇ ਮੱਦੇਨਜ਼ਰ ਅੱਜ ਏ.ਡੀ.ਜੀ.ਪੀ.(ਜੇਲ) ਪ੍ਰਵੀਨ ਕੁਮਾਰ ਸਿਨਹਾ ਨੇ ਤਾਜਪੁਰ ਰੋਡ ਕੇਂਦਰੀ ਜੇਲ ਦਾ ਦੌਰਾ ਕਰਕੇ ਅਧਿਕਾਰੀਆਂ ਨਾਲ ਲਗਭਗ 1 ਘੰੰਟਾ ਮੀਟਿੰਗ ਕਰਕੇ ਸੁਰੱਖਿਆ ਦੇ ਪ੍ਰਬੰਧ ਕਰੜੇ ਕਰਨ ਦੇ ਨਿਰਦੇਸ਼ ਦਿੱਤੇ। ਸਿਨਹਾ ਨੇ ਜੇਲ ਦੀਆਂ ਬੈਰਕਾਂ, ਹਾਈ ਸਕਿਓਰਿਟੀ ਜ਼ੋਨ, ਸੈੱਲ ਬਲਾਕਾਂ, ਕੋਰਟ ਮੌਕਿਆਂ ਅਤੇ ਅੰਦਰ ਚਾਰ ਦੀਵਾਰੀ ਦੇ ਚੱਪੇ ਚੱਪੇ 'ਤੇ 24 ਘੰਟੇ ਗਸ਼ਤ ਜਾਰੀ ਰੱਖਣ, ਜੇਲ ਦੇ 6 ਸੁਰੱਖਿਆ ਟਾਵਰਾਂ 'ਤੇ ਇਕ ਹੋਮਗਾਰਡ ਮੁਲਾਜ਼ਮ ਦੀ ਬਜਾਏ ਦੋ ਮੁਲਾਜ਼ਮਾਂ ਦੀ ਤਾਇਨਾਤੀ ਰਾਤ ਸਮੇਂ ਟਾਵਰਾਂ, ਕੰਧਾ ਅਤੇ ਬੈਰਕਾਂ ਦੇ ਬਾਹਰ ਸਰਚ ਲਾਈਟਾਂ ਦੀ ਪੂਰੀ ਵਿਵਸਥਾ ਕਰਨ ਦੇ ਹੁਕਮ ਵੀ ਦਿੱਤੇ। ਜੇਲ ਦੇ ਅੰਦਰ ਅਤੇ ਬਾਹਰ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਕੰਟਰੋਲ ਰੂਮ ਰਾਹੀਂ ਪੂਰੀ ਨਿਗਰਾਨੀ ਕਰਨ ਨੂੰ ਵੀ ਕਿਹਾ ਗਿਆ। 

ਉਨ੍ਹਾਂ ਕਿਹਾ ਕਿ ਸੈਂਟ੍ਰਲ ਜੇਲ ਵਿਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਖਲ ਰਹੀ ਕਮੀ ਪੂਰੀ ਕਰਵਾਉਣ ਦਾ ਪ੍ਰਸਤਾਵ ਜਲਦ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ। ਸਿਨਹਾ ਨੇ ਸੈਂਟ੍ਰਲ ਜੇਲ ਦੀ ਸੁਰੱਖਿਆ ਦੇ ਸਬੰਧ ਵਿਚ ਡੀ.ਸੀ. ਪ੍ਰਦੀਪ ਅਗਰਵਾਲ, ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਨਾਲ ਮੋਬਾਇਲ 'ਤੇ ਸੰਪਰਕ ਵੀ ਕੀਤਾ। ਇਸ ਦੇ ਨਾਲ ਜੇਲ ਦੇ ਅੰਦਰ ਸੀਵਰੇਜ ਵਿਵਸਥਾ, ਸਫਾਈ ਅਤੇ ਐੱਲ.ਈ.ਡੀ. ਲਾਈਟਾਂ ਲਗਾਉਣ ਸਬੰਧੀ ਨਗਰ ਨਿਗਮ ਕਮਿਸ਼ਨਰ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਜੇਲ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ, ਡੀ.ਐੱਸ.ਪੀ. ਸਕਿਓਰਟੀ ਸੁਭਾਸ਼ ਚੰਦਰ, ਡਿਪਟੀ ਫੈਕਟਰੀ ਆਸ਼ੂ ਭੱਟੀ, ਏ.ਡੀ.ਸੀ.ਪੀ. ਹੈੱਡ ਕਵਾਟਰ ਦੀਪਕ ਪਾਰਿਖ, ਇਕਬਾਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਰਹੇ।


Gurminder Singh

Content Editor

Related News