ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਤੋਂ ਜਲੰਧਰ ਟਰੱਸਟ ਨੇ ਮੰਗੀ 225 ਕਰੋੜ ਦੀ ਆਰਥਿਕ ਮਦਦ

08/31/2018 9:08:21 AM

ਜਲੰਧਰ, (ਪੁਨੀਤ)—ਪੀ. ਐੱਨ. ਬੀ. ਦਾ 112 ਕਰੋੜ ਰੁਪਏ ਦਾ ਕਰਜ਼ਾ ਚੁਕਾਉਣ 'ਚ ਅਸਮਰੱਥ ਜਲੰਧਰ ਇੰਪਰੂਵਮੈਂਟ ਟਰੱਸਟ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਤੋਂ 225 ਕਰੋੜ ਰੁਪਏ ਦੀ ਆਰਥਿਕ ਮਦਦ ਮੰਗੀ ਹੈ ਤਾਂ ਜੋ ਟਰੱਸਟ ਆਪਣਾ ਖਰਚ ਚੁਕਾ ਸਕੇ। ਕਰਜ਼ਾ ਚੁਕਾਉਣ ਸਮੇਤ ਕਿਸਾਨਾਂ ਨੂੰ ਇਨਹਾਸਮੈਂਟ ਦੇਣ, ਵਿਕਾਸ ਕੰਮ ਕਰਵਾਉਣ ਲਈ ਜਲੰਧਰ ਟਰੱਸਟ ਵਲੋਂ ਫੰਡਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਫਿਲਹਾਲ ਟਰੱਸਟ ਦੀਆਂ ਕੋਸ਼ਿਸ਼ਾਂ ਸਫਲ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਪਿਛਲੇ ਦਿਨੀਂ ਸਰਕਾਰ ਨੂੰ ਪੱਤਰ ਲਿਖਿਆ ਗਿਆ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਟਰੱਸਟ ਨੂੰ ਫੰਡ ਮੁਹੱਈਆ ਕਰਵਾਇਆ ਜਾਵੇ। 2011 'ਚ ਪੀ. ਐੱਨ. ਬੀ. ਤੋਂ 175 ਕਰੋੜ ਰੁਪਏ ਦਾ ਕਰਜ਼ਾ ਲੈਣ ਵਾਲੇ ਜਲੰਧਰ ਟਰੱਸਟ 'ਤੇ 7 ਸਾਲ ਬਾਅਦ ਵੀ 112 ਕਰੋੜ ਰੁਪਏ ਚੁਕਾਉਣ ਦੀ ਤਲਵਾਰ ਲਟਕੀ ਹੈ। ਬੈਂਕ ਅਕਾਊਂਟ ਐੱਨ. ਪੀ. ਏ. ਹੋਣ ਦੇ ਕਾਰਨ ਪੀ. ਐੱਨ. ਬੀ. ਨੂੰ ਬੀਤੇ ਦਿਨੀਂ ਟਰੱਸਟ ਦੀ ਜਾਇਦਾਦ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਤੇ ਸਿੰਬਾਲਿਕ ਸੀਲ ਲਗਾਈ ਗਈ ਹੈ। ਇਸ ਲੜੀ 'ਚ ਟਰੱਸਟ ਵਲੋਂ 170 ਏਕੜ ਸੂਰੀਆ ਇਨਕਲੇਵ ਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕਈ ਪਲਾਟਾਂ 'ਤੇ ਕਬਜ਼ਾ ਲੈਣ ਲਈ ਕਮਰ ਕੱਸੀ ਜਾ ਰਹੀ ਹੈ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮੌਕਾ ਦੇਖਣ ਜਾਣਗੇ ਅਤੇ ਜੋ ਜਾਇਦਾਦ ਬੈਂਕ ਕੋਲ ਪਲੱਜ ਹੈ ਉਸ ਦਾ ਕਬਜ਼ਾ ਲਿਆ ਜਾਵੇਗਾ।

ਸੁਪਰੀਮ ਕੋਰਟ 'ਚ ਕੇਸ ਹਾਰ ਚੁੱਕੇ ਜਲੰਧਰ ਇੰਪਰੂਵਮੈਂਟ ਟਰਸੱਟ ਵਲੋਂ ਇਨਹਾਸਮੈਂਟ ਨਾ ਦੇਣ ਦੇ ਖਿਲਾਫ ਕਿਸਾਨ ਦੁਬਾਰਾ ਸੁਪਰੀਮ ਕੋਰਟ ਚਲੇ ਗਏ। ਇਸ 'ਤੇ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ 12 ਸਤੰਬਰ ਤਕ ਇਨਹਾਸਮੈਂਟ ਦੀ ਰਕਮ ਅਦਾ ਕਰਨ ਦੇ ਹੁਕਮ ਦਿੱਤੇ ਤੇ ਰਕਮ ਕਰੋੜਾਂ ਰੁਪਏ ਬਣਦੀ ਹੈ ਅਤੇ ਟਰੱਸਟ ਕੋਲ ਫਿਲਹਾਲ ਪੈਸੇ ਨਹੀਂ ਹਨ। 1.11.2017 ਨੂੰ ਸੁਪਰੀਮ ਕੋਰਟ ਦਾ ਫੈਸਲਾ ਕਿਸਾਨਾਂ ਦੇ ਹੱਕ 'ਚ ਆਇਆ ਜਿਸ 'ਚ 1.1.2018 ਤਕ ਇਨਹਾਸਮੈਂਟ ਦੇਣ ਦੇ ਹੁਕਮ ਦੇ ਦਿੱਤੇ ਗਏ। ਟਰੱਸਟ ਵਲੋਂ ਇਨਹਾਸਮੈਂਟ ਨਾ ਦੇਣ ਦੇ ਖਿਲਾਫ ਕਿਸਾਨਾਂ ਨੇ ਕੋਰਟ ਦੀ ਸ਼ਰਨ ਲਈ। ਇਸ 'ਤੇ ਹੁਣ ਜੋ ਫੈਸਲਾ ਆਇਆ ਹੈ ਉਸ ਮੁਤਾਬਕ ਟਰੱਸਟ ਵਲੋਂ ਰਾਸ਼ੀ ਅਦਾ ਨਾ ਕਰਨ 'ਤੇ ਈ. ਓ. ਨੂੰ 12 ਸਤੰਬਰ ਨੂੰ ਕੋਰਟ 'ਚ ਪੇਸ਼ ਹੋਣਾ ਹੋਵੇਗਾ। ਇਸ ਪੂਰੇ ਮਾਮਲੇ 'ਚ ਟਰੱਸਟ ਫਸਿਆ ਹੋਇਆ ਹੈ।

100 ਕਰੋੜ ਰੁਪਏ ਦੀ ਮਦਦ ਨਹੀਂ ਮਿਲ ਸਕੀ

ਇਸ ਤੋਂ ਪਹਿਲਾਂ ਈ. ਓ. ਜਤਿੰਦਰ ਸਿੰਘ ਦੇ ਕਾਰਜਕਾਲ ਸਮੇਂ ਵੀ 100 ਕਰੋੜ ਰੁਪਏ ਦੀ ਮਦਦ ਮੰਗੀ ਗਈ ਸੀ ਪਰ ਜਲੰਧਰ ਟਰੱਸਟ ਨੂੰ ਮਦਦ ਨਹੀਂ ਮਿਲ ਸਕੀ ਸੀ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮਦਦ ਮਿਲੇਗੀ ਜਾਂ ਨਹੀਂ ਪਰ ਇਕ ਗੱਲ ਪੱਕੀ ਹੈ ਕਿ ਆਰਥਿਕ ਤੰਗੀ ਦੇ ਦੌਰ ਤੋਂ ਲੰਘ ਰਹੇ ਟਰੱਸਟ ਨੂੰ ਆਉਣ ਵਾਲੇ ਦਿਨਾਂ 'ਚ ਪੈਸਿਆਂ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਤੰਗੀ ਕਾਰਨ ਟਰੱਸਟ ਆਪਣੇ ਕਰਮਚਾਰੀਆਂ ਨੂੰ ਸਮੇਂ 'ਤੇ ਤਨਖਾਹ ਵੀ ਨਹੀਂ ਦੇ ਸਕਿਆ।

ਨਗਰ ਨਿਗਮ ਨੂੰ ਮਦਦ ਲਈ ਦਿੱਤੇ 36 ਕਰੋੜ ਰੁਪਏ ਨਹੀਂ ਹੋਏ ਵਾਪਸ

ਨਗਰ ਨਿਗਮ ਨੂੰ ਜਦੋਂ ਆਰਥਿਕ ਮਦਦ ਦੀ ਲੋੜ ਸੀ ਤਾਂ ਇੰਪਰੂਵਮੈਂਟ ਟਰੱਸਟ ਨੇ ਨਗਰ ਨਿਗਮ ਨੂੰ ਆਰਥਿਕ ਮਦਦ ਕੀਤੀ ਸੀ ਪਰ 36 ਕਰੋੜ ਰੁਪਏ ਅਜੇ ਤਕ ਵਾਪਸ ਨਹੀਂ ਮਿਲ ਸਕੇ। ਨਗਰ ਨਿਗਮ ਦੇ ਆਰਥਿਕ ਹਾਲਤ ਖਰਾਬ ਹੋਣ ਕਾਰਨ ਉਹ ਟਰੱਸਟ ਨੂੰ ਰਕਮ ਨਹੀਂ ਦੇ ਸਕਿਆ। ਇਸ ਸਬੰਧ 'ਚ ਟਰੱਸਟ ਵਲੋਂ ਕਈ ਵਾਰ ਨਗਰ ਨਿਗਮ ਨੂੰ ਪੱਤਰ ਲਿਖਿਆ ਗਿਆ ਪਰ ਹੁਣ ਤਕ ਟਰੱਸਟ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ। ਟਰੱਸਟ ਦੀ ਈ. ਓ. ਸ਼੍ਰੀਮਤੀ ਸੁਰਿੰਦਰ ਕੁਮਾਰੀ ਨੇ ਕਿਹਾ ਕਿ 225 ਕਰੋੜ ਦੀ ਆਰਥਿਕ ਮਦਦ ਲਈ ਅੰਮ੍ਰਿਤਸਰ ਟਰੱਸਟ ਨੂੰ ਲਿਖਿਆ ਜਾ ਰਿਹਾ ਹੈ ਇਸ ਦੇ ਨਾਲ-ਨਾਲ 36 ਕਰੋੜ ਲਈ ਨਗਰ ਨਿਗਮ ਨੂੰ ਰਿਮਾਈਂਡਰ ਦਿੱਤਾ ਜਾ ਰਿਹਾ ਹੈ।